‘ਆਪ’ ਸਰਕਾਰ ਨੇ ਤਰਨਤਾਰਨ ਦੇ ਪਿੰਡਾਂ ਦੀ ਨੁਹਾਰ ਬਦਲਣ ਲਈ 28.4 ਕਰੋੜ ਰੁਪਏ ਕੀਤੇ ਜਾਰੀ: ਹਰਮੀਤ ਸਿੰਘ ਸੰਧੂ
ਤਰਨ ਤਾਰਨ ਦੇ 118 ਪਿੰਡਾਂ ‘ਚ ਤਰਲ ਕੂੜਾ ਪ੍ਰਬੰਧਨ ਦੇ ਕੰਮ ਮੁਕੰਮਲ,70 ਹੋਰ ਪ੍ਰੋਜੈਕਟਾਂ ‘ਤੇ ਵੀ ਤੇਜ਼ੀ ਨਾਲ ਚਲ ਰਿਹਾ ਕੰਮ- ਸੰਧੂ
‘ਆਪ’ ਸਰਕਾਰ ਸਵੱਛ ਭਾਰਤ ਮਿਸ਼ਨ ਫੇਜ਼-2 ਤਹਿਤ ਤਰਨਤਾਰਨ ਦੇ ਪਿੰਡਾਂ ਨੂੰ ਓਡੀਐਫ ਪਲੱਸ’ ਬਣਾਉਣ ਲਈ ਵਚਨਬੱਧ-ਸੰਧੂ
ਪਿਛਲੀਆਂ ਸਰਕਾਰਾਂ ਨੇ ਸਰਹੱਦੀ ਜ਼ਿਲ੍ਹੇ ਨੂੰ ਅਣਗੌਲਿਆ ਕੀਤਾ, ‘ਆਪ’ ਨੇ ਵਿਕਾਸ ਲਈ ਕਰੋੜਾਂ ਰੁਪਏ ਕੀਤੇ ਜਾਰੀ: ਸੰਧੂ
ਤਰਨਤਾਰਨ, 29 ਅਕਤੂਬਰ 2025
ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਸਰਹੱਦੀ ਜ਼ਿਲ੍ਹਿਆਂ ਦੇ ਸਰਬਪੱਖੀ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਪਿਛਲੀਆਂ ਸਰਕਾਰਾਂ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਤਰਨਤਾਰਨ ਦੇ ਲੋਕਾਂ ਨੂੰ ਦਹਾਕਿਆਂ ਤੋਂ ਸਿਰਫ਼ ਲਾਰੇ ਹੀ ਮਿਲੇ, ਪਰ ‘ਆਪ’ ਸਰਕਾਰ ਜ਼ਮੀਨੀ ਪੱਧਰ ‘ਤੇ ਕੰਮ ਕਰਕੇ ਪਿੰਡਾਂ ਦੀ ਨੁਹਾਰ ਬਦਲ ਰਹੀ ਹੈ। ਸੰਧੂ ਨੇ ਸਵੱਛ ਭਾਰਤ ਮਿਸ਼ਨ ਤਹਿਤ ਜ਼ਿਲ੍ਹੇ ਵਿੱਚ ਹੋਏ ਕੰਮਾਂ ਦੇ ਅੰਕੜੇ ਪੇਸ਼ ਕਰਦਿਆਂ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ।
ਸੰਧੂ ਨੇ ਦੱਸਿਆ ਕਿ ਭਾਵੇਂ ਜ਼ਿਲ੍ਹਾ ਤਰਨਤਾਰਨ ਸਾਲ 2018 ਵਿੱਚ ਪਹਿਲਾ ਸਰਹੱਦੀ ਜ਼ਿਲ੍ਹਾ ਖੁੱਲ੍ਹੇ ਵਿੱਚ ਸ਼ੌਚ ਤੋਂ ਮੁਕਤ (ਓਪਨ ਡਿਫੈਕਸ਼ਨ ਫਰੀ) ਬਣ ਗਿਆ ਸੀ, ਪਰ ਇਸ ਨੂੰ ਅਗਲੇ ਪੱਧਰ ‘ਤੇ ਲਿਜਾਣ ਲਈ ਪਿਛਲੀਆਂ ਸਰਕਾਰਾਂ ਨੇ ਕੋਈ ਠੋਸ ਉਪਰਾਲਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਦੇ ਪਹਿਲੇ ਪੜਾਅ ਤਹਿਤ ਜ਼ਿਲ੍ਹੇ ਦੇ ਪਿੰਡਾਂ ਵਿੱਚ ਗ੍ਰਾਮ ਪੰਚਾਇਤਾਂ ਦੇ ਸਹਿਯੋਗ ਨਾਲ ਲਗਭਗ 36,000 ਹਜ਼ਾਰ ਪਰਿਵਾਰਾਂ ਨੂੰ ਪਖਾਨੇ ਦੀ ਸਹੂਲਤ ਤਾਂ ਦਿੱਤੀ ਗਈ ਸੀ, ਪਰ ਪਿੰਡਾਂ ਦੀ ਸਫਾਈ ਦਾ ਅਸਲ ਕੰਮ ਹੁਣ ‘ਆਪ’ ਸਰਕਾਰ ਨੇ ਸ਼ੁਰੂ ਕੀਤਾ ਹੈ।
ਹਰਮੀਤ ਸਿੰਘ ਸੰਧੂ ਨੇ ਜ਼ੋਰ ਦੇ ਕੇ ਕਿਹਾ ਕਿ ‘ਆਪ’ ਸਰਕਾਰ ਦੀ ਨੀਅਤ ਸਾਫ਼ ਹੈ ਅਤੇ ਇਸੇ ਲਈ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਫੇਜ਼-2 ਤਹਿਤ ਪਿੰਡਾਂ ਨੂੰ ਓਡੀਐਫ ਪਲੱਸ ਮਾਡਲ ਸ਼੍ਰੇਣੀ ਦੇ ਪਿੰਡ ਬਣਾਉਣ ਲਈ ਜੰਗੀ ਪੱਧਰ ‘ਤੇ ਕੰਮ ਹੋ ਰਿਹਾ ਹੈ। ਉਨ੍ਹਾਂ ਅੰਕੜਿਆਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਤਰਲ ਕੂੜਾ ਪ੍ਰਬੰਧਨ ਤਹਿਤ ਥਾਪਰ ਮਾਡਲ, ਸੀਚੇਵਾਲ ਮਾਡਲ, ਵਿਅਕਤੀਗਤ ਅਤੇ ਕਮਿਊਨਿਟੀ ਸੋਕ ਪਿੱਟਾਂ ਦੇ ਨਿਰਮਾਣ ਲਈ ਸਰਕਾਰ ਵੱਲੋਂ 572 ਗਰਾਮ ਪੰਚਾਇਤਾਂ ਅਤੇ ਗਰਾਮ ਪੰਚਾਇਤ ਜਲ ਸਪਲਾਈ ਤੇ ਸੈਨੀਟੇਸ਼ਨ ਕਮੇਟੀਆਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ 2,838.57 ਲੱਖ ਰੁਪਏ ਦੀ ਵੱਡੀ ਰਾਸ਼ੀ ਟਰਾਂਸਫਰ ਕੀਤੀ ਜਾ ਚੁੱਕੀ ਹੈ, ਤਾਂ ਜੋ ਵਿਕਾਸ ਕਾਰਜਾਂ ਵਿੱਚ ਪੈਸੇ ਦੀ ਕੋਈ ਕਮੀ ਨਾ ਆਵੇ।
‘ਆਪ’ ਉਮੀਦਵਾਰ ਨੇ ਕਿਹਾ ਕਿ ਇਹ ਸਿਰਫ਼ ਐਲਾਨ ਨਹੀਂ ਹਨ, ਸਗੋਂ ਕੰਮ ਧਰਾਤਲ ‘ਤੇ ਦਿਸ ਰਿਹਾ ਹੈ। ਉਨ੍ਹਾਂ ਦੱਸਿਆ ਕਿ ਤਰਲ ਕੂੜਾ ਪ੍ਰਬੰਧਨ ਤਹਿਤ ਹੁਣ ਤੱਕ ਕੁੱਲ 361 ਕੰਮ ਸੈਂਕਸ਼ਨ ਕੀਤੇ ਗਏ ਹਨ। ‘ਆਪ’ ਸਰਕਾਰ ਦੀ ਤੇਜ਼ ਕਾਰਗੁਜ਼ਾਰੀ ਸਦਕਾ ਹੁਣ ਤੱਕ ਕੁੱਲ 118 ਪਿੰਡਾਂ ਵਿਖੇ ਤਰਲ ਕੂੜਾ ਪ੍ਰਬੰਧਨ ਦੇ ਕੰਮ ਮੁਕੰਮਲ ਕੀਤੇ ਜਾ ਚੁੱਕੇ ਹਨ ਅਤੇ 70 ਹੋਰ ਪ੍ਰੋਜੈਕਟਾਂ ‘ਤੇ ਕੰਮ ਤੇਜ਼ੀ ਨਾਲ ਚਲ ਰਿਹਾ ਹੈ, ਜਿਨ੍ਹਾਂ ਨੂੰ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ। ਸੰਧੂ ਨੇ ਕਿਹਾ ਕਿ ਇਹ ਅੰਕੜੇ ਦੱਸਦੇ ਹਨ ਕਿ ‘ਆਪ’ ਸਰਕਾਰ ਤਰਨਤਾਰਨ ਦੇ ਲੋਕਾਂ ਨੂੰ ਸਾਫ਼-ਸੁਥਰਾ ਵਾਤਾਵਰਨ ਦੇਣ ਲਈ ਕਿੰਨੀ ਗੰਭੀਰ ਹੈ ਅਤੇ ਇਹ ਵਿਕਾਸ ਕਾਰਜ ਭਵਿੱਖ ਵਿੱਚ ਵੀ ਇਸੇ ਰਫ਼ਤਾਰ ਨਾਲ ਜਾਰੀ ਰਹਿਣਗੇ।
HOMEPAGE:-http://PUNJABDIAL.IN

Leave a Reply