ਹਰਮੀਤ ਸਿੰਘ ਸੰਧੂ ਨੇ ਕਿਹਾ, ‘ਆਪ’ ਸਰਕਾਰ ਨੇ ਖੇਤੀ ਨੂੰ ਬਣਾਇਆ ਲਾਹੇਵੰਦ, ਨੌਜਵਾਨਾਂ ਲਈ ਖੋਲ੍ਹੇ ਤਰੱਕੀ ਦੇ ਰਾਹ
ਪਿਛਲੀਆਂ ਸਰਕਾਰਾਂ ਨੇ ਨੌਜਵਾਨਾਂ ਨੂੰ ਭਜਾਇਆ, ਮਾਨ ਸਰਕਾਰ ਨੇ 12-14 ਲੱਖ ਕਮਾਉਣ ਵਾਲੇ ਕਿਸਾਨ ਬਣਾਇਆ: ਸੰਧੂ
ਤਰਨਤਾਰਨ, 3 ਨਵੰਬਰ 2025
ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੀਆਂ ਕਿਸਾਨ-ਪੱਖੀ ਨੀਤੀਆਂ ਨੇ ਪੰਜਾਬ ਵਿੱਚ ਖੇਤੀਬਾੜੀ ਕ੍ਰਾਂਤੀ ਦੀ ਨੀਂਹ ਰੱਖ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ‘ਰੰਗਲਾ ਪੰਜਾਬ’ ਦੀ ਅਸਲ ਤਸਵੀਰ ਹੈ ਕਿ ਜਿਹੜੇ ਨੌਜਵਾਨ ਪਿਛਲੀਆਂ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਾਰਨ ਖੇਤੀ ਛੱਡ ਕੇ ਵਿਦੇਸ਼ਾਂ ਵੱਲ ਭੱਜ ਰਹੇ ਸਨ, ਉਹੀ ਨੌਜਵਾਨ ਅੱਜ ਲੱਖਾਂ ਦੀਆਂ ਨੌਕਰੀਆਂ ਛੱਡ ਕੇ ਖੇਤੀ ਨੂੰ ਇੱਕ ਸਫਲ ਕਾਰੋਬਾਰ ਵਜੋਂ ਅਪਣਾ ਰਹੇ ਹਨ।
ਹਰਮੀਤ ਸਿੰਘ ਸੰਧੂ ਨੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਮਾਨ ਸਰਕਾਰ ਦੇ ਯਤਨਾਂ ਸਦਕਾ ਹੁਣ ਤੱਕ 1,200 ਤੋਂ ਵੱਧ ਨੌਜਵਾਨ ਸਫਲ ‘ਖੇਤੀ-ਕਾਰੋਬਾਰੀ’ ਬਣ ਚੁੱਕੇ ਹਨ। ਉਨ੍ਹਾਂ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ਦੇ ਕਿਸਾਨ ਹਰਬੀਰ ਸਿੰਘ ਦੀ ਮਿਸਾਲ ਦਿੰਦਿਆਂ ਕਿਹਾ ਕਿ ਇਲੈਕਟ੍ਰੀਕਲ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕਰਨ ਤੋਂ ਬਾਅਦ ਇਸ ਨੌਜਵਾਨ ਨੇ ਨੌਕਰੀ ਦੀ ਬਜਾਏ ਖੇਤੀ ਨੂੰ ਚੁਣਿਆ। ਅੱਜ ਉਹ ਸਰਕਾਰ ਦੀਆਂ ਆਧੁਨਿਕ ਖੇਤੀ ਤਕਨੀਕਾਂ ਅਪਣਾ ਕੇ ਔਸਤਨ 12 ਤੋਂ 14 ਲੱਖ ਰੁਪਏ ਸਾਲਾਨਾ ਸ਼ੁੱਧ ਮੁਨਾਫ਼ਾ ਕਮਾ ਰਿਹਾ ਹੈ।
ਸੰਧੂ ਨੇ ਕਿਹਾ ਕਿ ਇਹ ਸਭ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਅੰਦੇਸ਼ੀ ਸੋਚ ਅਤੇ ਬਾਗਬਾਨੀ ਵਿਭਾਗ ਦੀ ਸਖ਼ਤ ਮਿਹਨਤ ਸਦਕਾ ਸੰਭਵ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ “ਰਾਸ਼ਟਰੀ ਬਾਗਬਾਨੀ ਮਿਸ਼ਨ” ਵਰਗੀਆਂ ਯੋਜਨਾਵਾਂ ਤਹਿਤ ਪੋਲੀਹਾਊਸ ਸਥਾਪਤ ਕਰਨ ਲਈ 50% ਤੱਕ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ। ਕਿਸਾਨ ਹਰਬੀਰ ਸਿੰਘ ਨੇ ਵੀ ਇਸੇ ਸਬਸਿਡੀ ਦਾ ਲਾਭ ਲੈ ਕੇ ਬੀਜ ਰਹਿਤ ਖੀਰੇ, ਰੰਗੀਨ ਸ਼ਿਮਲਾ ਮਿਰਚ ਅਤੇ ਖਰਬੂਜੇ ਦੀ ਕਾਸ਼ਤ ਸ਼ੁਰੂ ਕੀਤੀ ਅਤੇ ਵੱਡਾ ਮੁਨਾਫ਼ਾ ਕਮਾਇਆ।
‘ਆਪ’ ਉਮੀਦਵਾਰ ਨੇ ਕਿਹਾ ਕਿ ਬਾਗਬਾਨੀ ਮੰਤਰੀ ਅਤੇ ਵਿਭਾਗ ਦੀ ਨਿਰਦੇਸ਼ਕ ਦੀ ਅਗਵਾਈ ਹੇਠ ਵਿਭਾਗ ਦੇ ਅਧਿਕਾਰੀ ਕਿਸਾਨਾਂ ਨੂੰ ਸਿਖਲਾਈ ਦੇਣ ਤੋਂ ਲੈ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਤੱਕ ਪੂਰੀ ਮਦਦ ਕਰ ਰਹੇ ਹਨ। ਸੰਧੂ ਨੇ ਕਿਹਾ ਕਿ ਹਰਬੀਰ ਸਿੰਘ ਵਰਗੇ ਸੈਂਕੜੇ ਨੌਜਵਾਨਾਂ ਦੀ ਸਫਲਤਾ ਇਹ ਸਾਬਤ ਕਰਦੀ ਹੈ ਕਿ ‘ਆਪ’ ਸਰਕਾਰ ਨੇ ਖੇਤੀ ਨੂੰ ਘਾਟੇ ਦਾ ਸੌਦਾ ਨਹੀਂ, ਸਗੋਂ ਸਹੀ ਤਕਨੀਕ, ਸਖ਼ਤ ਮਿਹਨਤ ਅਤੇ ਸਰਕਾਰੀ ਸਹਾਇਤਾ ਨਾਲ ਖੁਸ਼ਹਾਲੀ ਦਾ ਰਾਹ ਬਣਾ ਦਿੱਤਾ ਹੈ।
HOMEPAGE:-http://PUNJABDIAL.IN

Leave a Reply