ਮਾਨ ਸਰਕਾਰ ਦੇ 6 ਮੈਗਾ-ਪ੍ਰੋਜੈਕਟ ਬਦਲਣਗੇ ਪੰਜਾਬ ਦੀ ਨੁਹਾਰ, ਸੂਬਾ ਬਣੇਗਾ ਉੱਤਰ ਭਾਰਤ ਦਾ ਟੂਰਿਜ਼ਮ ਹੱਬ: ਹਰਮੀਤ ਸੰਧੂ
ਅੰਮ੍ਰਿਤਸਰ ਰੋਪ-ਵੇਅ ਤੋਂ ਲੈ ਕੇ ਮੋਹਾਲੀ-ਲੁਧਿਆਣਾ ਕਨਵੈਨਸ਼ਨ ਸੈਂਟਰ ਤੱਕ, ਮਾਨ ਸਰਕਾਰ ਦਾ ਵਿਕਾਸ ਮਾਡਲ ਬੇਮਿਸਾਲ: ਹਰਮੀਤ ਸੰਧੂ
ਮਾਨ ਸਰਕਾਰ ਦੀ ਇਸ ਪਹਿਲਕਦਮੀ ਨਾਲ ਸੂਬੇ ਦੀ ਆਰਥਿਕਤਾ ਹੋਵੇਗੀ ਮਜ਼ਬੂਤ, ਵੱਡੇ ਪੱਧਰ ‘ਤੇ ਨਿਵੇਸ਼ ਦੇ ਨਾਲ ਹਜਾਰਾਂ ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ: ਸੰਧੂ
ਤਰਨਤਾਰਨ, 4 ਨਵੰਬਰ
ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸੈਰ-ਸਪਾਟਾ ਖੇਤਰ ਨੂੰ ਮੁੜ ਸੁਰਜੀਤ ਕਰਨ ਲਈ ਉਲੀਕੇ ਗਏ 6 ਮੈਗਾ-ਪ੍ਰੋਜੈਕਟਾਂ ਦੇ ਰੋਡਮੈਪ ਦੀ ਜ਼ੋਰਦਾਰ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ (ਪੀ.ਆਈ.ਡੀ.ਬੀ.) ਵੱਲੋਂ ਨਿਵੇਸ਼ਕ ਸੰਮੇਲਨ ਕਰਕੇ ਇਨ੍ਹਾਂ 6 ਪ੍ਰੋਜੈਕਟਾਂ ਨੂੰ ਜਨਤਕ-ਨਿੱਜੀ ਭਾਈਵਾਲੀ (ਪੀ.ਪੀ.ਪੀ.) ਮਾਡਲ ਤਹਿਤ ਲਿਆਉਣਾ ਇੱਕ ਇਤਿਹਾਸਕ ਅਤੇ ਦੂਰਅੰਦੇਸ਼ੀ ਕਦਮ ਹੈ, ਜੋ ਪੰਜਾਬ ਨੂੰ ਉੱਤਰੀ ਭਾਰਤ ਦਾ ‘ਟੂਰਿਜ਼ਮ ਕਿੰਗ’ ਬਣਾ ਦੇਵੇਗਾ।
ਇੱਥੇ ਜਾਰੀ ਇੱਕ ਬਿਆਨ ਵਿੱਚ ਹਰਮੀਤ ਸਿੰਘ ਸੰਧੂ ਨੇ ਕਿਹਾ ਕਿ ਪਿਛਲੀਆਂ ਅਕਾਲੀ-ਭਾਜਪਾ ਅਤੇ ਕਾਂਗਰਸ ਸਰਕਾਰਾਂ ਨੇ ਪੰਜਾਬ ਦੀ ਅਮੀਰ ਵਿਰਾਸਤ ਅਤੇ ਸੈਰ-ਸਪਾਟੇ ਦੀ ਸਮਰੱਥਾ ਨੂੰ ਦਹਾਕਿਆਂ ਤੱਕ ਅਣਗੌਲਿਆ ਕੀਤਾ, ਜਿਸ ਕਾਰਨ ਸੂਬਾ ਆਰਥਿਕ ਤੌਰ ‘ਤੇ ਪੱਛੜ ਗਿਆ। ਉਨ੍ਹਾਂ ਕਿਹਾ ਕਿ ਇਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਾਫ਼ ਨੀਅਤ ਅਤੇ ਵਚਨਬੱਧਤਾ ਦਾ ਸਬੂਤ ਹੈ ਕਿ ‘ਆਪ’ ਸਰਕਾਰ ਨੇ ਸਿਰਫ਼ 6 ਮਹੱਤਵਪੂਰਨ ਪ੍ਰੋਜੈਕਟਾਂ ਦੀ ਪਛਾਣ ਹੀ ਨਹੀਂ ਕੀਤੀ, ਸਗੋਂ ਉਨ੍ਹਾਂ ਨੂੰ 100% ਪਾਰਦਰਸ਼ੀ ਢੰਗ ਨਾਲ ਲਾਗੂ ਕਰਨ ਲਈ ਇੱਕ ਮਜ਼ਬੂਤ ਫਰੇਮਵਰਕ ਵੀ ਤਿਆਰ ਕੀਤਾ ਹੈ। ਸੰਧੂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਉਲਟ, ਜਿੱਥੇ ਪ੍ਰੋਜੈਕਟ ਸਿਰਫ਼ ਆਪਣੇ ਚਹੇਤਿਆਂ ਨੂੰ ਲਾਭ ਪਹੁੰਚਾਉਣ ਲਈ ਬਣਾਏ ਜਾਂਦੇ ਸਨ, ‘ਆਪ’ ਸਰਕਾਰ ਨੇ ਇੱਕ ਮੁਕਾਬਲੇਬਾਜ਼ੀ ਬੋਲੀ ਪ੍ਰਕਿਰਿਆ ਅਤੇ ਪਾਰਦਰਸ਼ੀ ਮਾਲੀਆ-ਸਾਂਝਾ (Revenue-Sharing) ਮਾਡਲ ਅਪਣਾਇਆ ਹੈ।
‘ਆਪ’ ਉਮੀਦਵਾਰ ਨੇ 6 ਪ੍ਰੋਜੈਕਟਾਂ ਦੇ ਵੇਰਵੇ ਦਿੰਦਿਆਂ ਕਿਹਾ ਕਿ ਅੰਮ੍ਰਿਤਸਰ ਵਿੱਚ ਅਰਬਨ ਰੋਪ-ਵੇਅ ਪ੍ਰੋਜੈਕਟ ਸ਼ਰਧਾਲੂਆਂ ਅਤੇ ਸੈਲਾਨੀਆਂ ਲਈ ਇੱਕ ਵੱਡੀ ਸੌਗਾਤ ਹੋਵੇਗਾ। ਇਸੇ ਤਰ੍ਹਾਂ ਸਰਹਿੰਦ ਦੇ ਆਮ-ਖਾਸ ਬਾਗ ਅਤੇ ਕਪੂਰਥਲਾ ਦੇ ਇਤਿਹਾਸਕ ਦਰਬਾਰ ਹਾਲ ਨੂੰ ਲਗਜ਼ਰੀ ਵਿਰਾਸਤੀ ਹੋਟਲਾਂ ਵਿੱਚ ਬਦਲਣਾ ਨਾ ਸਿਰਫ਼ ਸਾਡੀ ਵਿਰਾਸਤ ਨੂੰ ਸੰਭਾਲੇਗਾ, ਸਗੋਂ ਵਿਸ਼ਵ ਪੱਧਰੀ ਸੈਲਾਨੀਆਂ ਨੂੰ ਵੀ ਆਕਰਸ਼ਿਤ ਕਰੇਗਾ। ਉਨ੍ਹਾਂ ਕਿਹਾ ਕਿ ਰੋਪੜ ਵਿੱਚ ਪਿੰਕਾਸਿਆ ਟੂਰਿਸਟ ਕੰਪਲੈਕਸ ਅਤੇ ਖਾਸ ਤੌਰ ‘ਤੇ ਉਦਯੋਗਿਕ ਕੇਂਦਰਾਂ ਮੋਹਾਲੀ ਅਤੇ ਲੁਧਿਆਣਾ ਵਿੱਚ ਅਤਿ-ਆਧੁਨਿਕ ਕਨਵੈਨਸ਼ਨ ਸੈਂਟਰਾਂ ਦੀ ਸਥਾਪਨਾ ਪੰਜਾਬ ਨੂੰ ਵਪਾਰਕ ਸੈਰ-ਸਪਾਟੇ (Business Tourism) ਦਾ ਵੱਡਾ ਹੱਬ ਬਣਾ ਦੇਵੇਗੀ।
ਹਰਮੀਤ ਸੰਧੂ ਨੇ ਕਿਹਾ ਕਿ ਮਾਨ ਸਰਕਾਰ ਦੀ ਇਸ ਪਹਿਲਕਦਮੀ ਨਾਲ ਸੂਬੇ ਦੀ ਆਰਥਿਕਤਾ ਮਜ਼ਬੂਤ ਹੋਵੇਗੀ, ਵੱਡੇ ਪੱਧਰ ‘ਤੇ ਨਿਵੇਸ਼ ਆਵੇਗਾ ਅਤੇ ਪੰਜਾਬ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਹਜ਼ਾਰਾਂ ਨਵੇਂ ਮੌਕੇ ਪੈਦਾ ਹੋਣਗੇ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦੀ ਨਿਵੇਸ਼ਕ-ਅਨੁਕੂਲ ਪਹੁੰਚ ਅਤੇ ਪਾਰਦਰਸ਼ੀ ਵਾਤਾਵਰਣ ਇਹ ਯਕੀਨੀ ਬਣਾਏਗਾ ਕਿ ਪੰਜਾਬ ਜਲਦੀ ਹੀ ਵਿਕਾਸ ਦੇ ਨਕਸ਼ੇ ‘ਤੇ ਇੱਕ ਮੋਹਰੀ ਸੂਬੇ ਵਜੋਂ ਉੱਭਰੇ।
HOMEPAGE:-http://PUNJABDIAL.IN

Leave a Reply