‘ਆਪ’ ਨੇ ਜੈ ਇੰਦਰ ਕੌਰ ‘ਤੇ ਸਾਧਿਆ ਨਿਸ਼ਾਨਾ: ਚੰਡੀਗੜ੍ਹ ਜਾਣ ਤੋਂ ਪਹਿਲਾਂ ਕੈਪਟਨ ਨੂੰ ‘ਝੂਠੇ ਵਾਅਦਿਆਂ’ ਬਾਰੇ ਸਵਾਲ ਕਰੋ- ਬਲਤੇਜ ਪੰਨੂ
ਕੈਪਟਨ ਨੇ ਸ਼੍ਰੀ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਪੰਜਾਬੀਆਂ ਨਾਲ ਧੋਖਾ ਕੀਤਾ, ਹੁਣ ਜੈ ਇੰਦਰ ਕੌਰ ਜਵਾਬ ਦੇਣ: ਬਲਤੇਜ ਪੰਨੂ
‘ਆਪ’ ‘ਤੇ ਉਂਗਲੀ ਚੁੱਕਣ ਤੋਂ ਪਹਿਲਾਂ ਭਾਜਪਾ ਦੇ ’15 ਲੱਖ’ ਅਤੇ ਕੈਪਟਨ ਦੇ ‘ਘਰ-ਘਰ ਨੌਕਰੀ’ ਦਾ ਹਿਸਾਬ ਦਿਓ: ਬਲਤੇਜ ਪੰਨੂ
ਚੰਡੀਗੜ੍ਹ, 22 ਨਵੰਬਰ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਜਨਰਲ ਸਕੱਤਰ ਬਲਤੇਜ ਪੰਨੂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬੇਟੀ ਅਤੇ ਭਾਜਪਾ ਆਗੂ ਬੀਬਾ ਜੈ ਇੰਦਰ ਕੌਰ ‘ਤੇ ਤਿੱਖਾ ਹਮਲਾ ਕੀਤਾ ਹੈ। ਜੈ ਇੰਦਰ ਕੌਰ ਵੱਲੋਂ ਪੰਜਾਬ ਦੀਆਂ ਔਰਤਾਂ ਲਈ 1100 ਰੁਪਏ ਮੰਗਣ ਲਈ ਚੰਡੀਗੜ੍ਹ ਵਿੱਚ ‘ਆਪ’ ਸਰਕਾਰ ਵਿਰੁੱਧ ਪ੍ਰਦਰਸ਼ਨ ਕਰਨ ਦੇ ਮੁੱਦੇ ‘ਤੇ ਪ੍ਰਤੀਕਿਰਿਆ ਦਿੰਦਿਆਂ ਪੰਨੂ ਨੇ ਉਨ੍ਹਾਂ ਨੂੰ ਨਸੀਹਤ ਦਿੱਤੀ ਕਿ ਉਹ ਆਪਣੇ ਸਿਆਸੀ ਮਿਸ਼ਨ ‘ਤੇ ਜਾਣ ਤੋਂ ਪਹਿਲਾਂ ਆਪਣੇ ਪਿਤਾ ਕੈਪਟਨ ਅਮਰਿੰਦਰ ਸਿੰਘ ਤੋਂ ਜਵਾਬ ਜ਼ਰੂਰ ਮੰਗਣ। ਪੰਨੂ ਨੇ ਕਿਹਾ ਕਿ ਅੱਜ ਉਹ ਭਾਜਪਾ ਦੇ ਵੱਡੇ ਆਗੂ ਹਨ ਅਤੇ 2017 ਵਿੱਚ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨਾਲ ਝੂਠ ਬੋਲਿਆ ਸੀ, ਇਸ ਲਈ ਸਵਾਲ ਉਨ੍ਹਾਂ ‘ਤੇ ਬਣਦੇ ਹਨ।
ਬਲਤੇਜ ਪੰਨੂ ਨੇ ਜੈ ਇੰਦਰ ਕੌਰ ਨੂੰ ਆਪਣੇ ਪਿਤਾ ਕੈਪਟਨ ਅਮਰਿੰਦਰ ਸਿੰਘ ਤੋਂ ਪੁੱਛਣ ਲਈ ਕਿਹਾ ਕਿ ਉਨ੍ਹਾਂ ਨੇ ‘ਕੈਪਟਨ ਨੇ ਸਹੁੰ ਚੁੱਕੀ, ਘਰ-ਘਰ ਨੌਕਰੀ ਪੱਕੀ’ ਦਾ ਵਾਅਦਾ ਕੀਤਾ ਸੀ, ਤਾਂ ਅੱਜ ਤੱਕ ਕਿੰਨੇ ਘਰਾਂ ਨੂੰ ਨੌਕਰੀ ਦਿੱਤੀ ਗਈ ਹੈ? ਉਨ੍ਹਾਂ ਇਹ ਵੀ ਪੁੱਛਣ ਲਈ ਕਿਹਾ ਕਿ ਕਿਸਾਨਾਂ ਦਾ ਸਮੁੱਚਾ ਕਰਜ਼ਾ ਮੁਆਫ਼ ਕਰਨ ਦਾ ਵਾਅਦਾ ਕੀਤਾ ਗਿਆ ਸੀ, ਜਿਸ ਵਿੱਚ ਬੈਂਕਾਂ ਅਤੇ ਆੜ੍ਹਤੀਆਂ ਤੋਂ ਇਲਾਵਾ ਗੁਆਂਢੀਆਂ ਤੋਂ ਚੁੱਕਿਆ ਕਰਜ਼ਾ ਵੀ ਸ਼ਾਮਲ ਸੀ, ਉਸ ਕਰਜ਼ੇ ਦੀ ਮੁਆਫ਼ੀ ਦਾ ਕੀ ਬਣਿਆ?
ਆਪ ਆਗੂ ਨੇ ਕਿਹਾ ਕਿ ਕੈਪਟਨ ਨੇ ਬੇਰੁਜ਼ਗਾਰਾਂ ਨੂੰ ਮਹੀਨੇ ਦਾ ਭੱਤਾ ਦੇਣ ਦੀ ਗੱਲ ਵੀ ਕਹੀ ਸੀ ਅਤੇ ਇਸ ਸਬੰਧੀ ਕਾਰਡ ਵੀ ਭਰਵਾਏ ਗਏ ਸਨ, ਉਸ ਭੱਤੇ ਦਾ ਕੀ ਬਣਿਆ? ਸਭ ਤੋਂ ਅਹਿਮ ਸਵਾਲ ਉਠਾਉਂਦੇ ਹੋਏ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪਵਿੱਤਰ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਇਹ ਗੱਲ ਕਹੀ ਸੀ ਕਿ ਉਹ ਚਾਰ ਹਫ਼ਤਿਆਂ ਵਿੱਚ ਨਸ਼ਿਆਂ ਦਾ ਲੱਕ ਤੋੜ ਦੇਣਗੇ, ਪਰ ਕੀ ਉਹ ਲੱਕ ਟੁੱਟਿਆ? ਇਹ ਸਾਰਾ ਸੱਚ ਸਮੁੱਚੇ ਪੰਜਾਬ ਨੂੰ ਪਤਾ ਹੈ।
ਔਰਤਾਂ ਦੇ ਭੱਤੇ ਦੇ ਮੁੱਦੇ ‘ਤੇ ‘ਆਪ’ ਆਗੂ ਨੇ ਕਿਹਾ ਕਿ ਜਿਸ ਪਾਰਟੀ ਵਿੱਚ ਜੈ ਇੰਦਰ ਕੌਰ ਅਤੇ ਉਨ੍ਹਾਂ ਦੇ ਪਿਤਾ ਹਨ, ਉਸ ਨੇ ਲੋਕਾਂ ਦੇ ਖਾਤਿਆਂ ਵਿੱਚ 15-15 ਲੱਖ ਰੁਪਈਆ ਪਾਉਣ ਦਾ ਜੁਮਲਾ ਛੱਡਿਆ ਸੀ ਅਤੇ ਹੋ ਸਕਦਾ ਹੈ ਕਿ ਜੈ ਇੰਦਰ ਕੌਰ ਅਜੇ ਤੱਕ ਉਹੀ 15 ਲੱਖ ਰੁਪਏ ਵਰਤ ਰਹੇ ਹੋਣ।
ਉਨ੍ਹਾਂ ਭਰੋਸਾ ਦਿੱਤਾ ਕਿ ਮਾਨ ਸਰਕਾਰ ਨੇ ਔਰਤਾਂ ਨੂੰ ਜੋ ਇੱਕ ਹਜਾਰ ਰੁਪਏ ਦੇਣ ਦਾ ਵਾਅਦਾ ਕੀਤਾ ਸੀ, ਉਹ ਇਸ ਵਾਅਦੇ ‘ਤੇ ਪੂਰੀ ਤਰ੍ਹਾਂ ਕਾਇਮ ਹੈ ਅਤੇ ਉਹ ਜਲਦੀ ਪੂਰਾ ਕੀਤਾ ਜਾਵੇਗਾ। ਪੰਨੂ ਨੇ ਅੰਤ ਵਿੱਚ ਕਿਹਾ ਕਿ ਜੇਕਰ ਜੈ ਇੰਦਰ ਕੌਰ ਜਾਂ ‘ਗੁਆਂਢੀ ਮੁਲਕ ਵਾਲੀ ਰੂਸਾ ਆਂਟੀ ਜੀ’ ਨੇ ਔਰਤਾਂ ਦੀ ਸੂਚੀ ਵਿੱਚ ਨਾਮ ਲਿਖਾਉਣਾ ਹੈ, ਤਾਂ ਉਹ ਵੀ ਦੱਸ ਦੇਣ।
HOMEPAGE:-http://PUNJABDIAL.IN

Leave a Reply