*’ਆਪ’ ਸਰਕਾਰ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਵੱਡਾ ਕਾਫ਼ਲਾ ‘ਆਪ’ ‘ਚ ਸ਼ਾਮਲ, ਹਰਮੀਤ ਸੰਧੂ ਦੀ ਮੁਹਿੰਮ ਨੂੰ ਮਿਲਿਆ ਭਾਰੀ ਬਲ*
*ਅਕਾਲੀ ਦਲ ਟਰੇਡ ਵਿੰਗ ਦੇ ਪ੍ਰਧਾਨ ਮੁਖਤਾਰ ਸੰਧੂ ਦਰਜਨਾਂ ਸਾਥੀਆਂ ਸਮੇਤ ‘ਆਪ’ ‘ਚ ਸ਼ਾਮਲ, ਕਿਹਾ – ਮਾਨ ਸਰਕਾਰ ਨੇ ਸਿਫਾਰਸ਼ ਕਲਚਰ ਖਤਮ ਕਰਕੇ ਮੈਰਿਟ ਨੂੰ ਤਰਜੀਹ ਦਿੱਤੀ*
ਤਰਨਤਾਰਨ, 4 ਨਵੰਬਰ
ਤਰਨਤਾਰਨ ਵਿਧਾਨ ਸਭਾ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਦੀ ਮੁਹਿੰਮ ਨੂੰ ਅੱਜ ਉਸ ਵੇਲੇ ਵੱਡੀ ਮਜ਼ਬੂਤੀ ਮਿਲੀ, ਜਦੋਂ ਵੱਖ-ਵੱਖ ਪਾਰਟੀਆਂ ਦੇ ਦਰਜਨਾਂ ਆਗੂ ਅਤੇ ਨੌਜਵਾਨ ‘ਆਪ’ ਵਿੱਚ ਸ਼ਾਮਲ ਹੋ ਗਏ। ਅਕਾਲੀ ਦਲ ਦੇ ਟਰੇਡ ਵਿੰਗ ਦੇ ਪ੍ਰਧਾਨ ਸਰਦਾਰ ਮੁਖਤਾਰ ਸਿੰਘ ਸੰਧੂ ਦੀ ਅਗਵਾਈ ਹੇਠ ਸ਼ਾਮਲ ਹੋਏ ਇਸ ਕਾਫ਼ਲੇ ਨੇ ‘ਆਪ’ ਸਰਕਾਰ ਦੀਆਂ ਨੀਤੀਆਂ ‘ਤੇ ਮੋਹਰ ਲਾਈ।
ਤਰਨਤਾਰਨ ਵਿਖੇ ਹੋਈ ਇੱਕ ਪ੍ਰੈਸ ਕਾਨਫਰੰਸ ਦੌਰਾਨ ‘ਆਪ’ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ, ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ, ਐਮਪੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਕੈਬਨਿਟ ਮੰਤਰੀ ਵਰਿੰਦਰ ਗੋਇਲ ਨੇ ਸਾਰੇ ਆਗੂਆਂ ਦਾ ਪਾਰਟੀ ਵਿੱਚ ਸਵਾਗਤ ਕੀਤਾ। ਇਸ ਮੌਕੇ ਅੰਜੂ ਵਰਮਾ ਅਤੇ ਕੁਲਵਿੰਦਰ ਕੌਰ ਦੀ ਪ੍ਰੇਰਨਾ ਸਦਕਾ ਵਾਰਡ ਨੰਬਰ 10, ਪਿੰਡ ਮੁਰਾਦਪੁਰਾ ਕਲਾ ਅਤੇ ਸ਼ਹਿਰ ਦੇ ਹੋਰਨਾਂ ਇਲਾਕਿਆਂ ਤੋਂ ਰਮਨ ਸੰਧੂ, ਜੱਜ ਸਿੰਘ, ਰਮਨਦੀਪ ਕੌਰ, ਹਰਸ਼ ਕਪੂਰ, ਸ਼ਿਵ ਸਿੰਘ, ਨਰੇਸ਼ ਗਿੱਲ ਸਮੇਤ ਕਈ ਆਗੂ ‘ਆਪ’ ਪਰਿਵਾਰ ਦਾ ਹਿੱਸਾ ਬਣੇ।
ਇਸ ਮੌਕੇ ਬੋਲਦਿਆਂ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਇਹ ਨੌਜਵਾਨ ਰਵਾਇਤੀ ਪਾਰਟੀਆਂ ਵਿੱਚ ਮਿਹਨਤ ਕਰਨ ਦੇ ਬਾਵਜੂਦ ਅਣਗੌਲੇ ਮਹਿਸੂਸ ਕਰ ਰਹੇ ਸਨ, ਪਰ ਹੁਣ ਉਹ ਅਸਲ ਪਾਰਟੀ ਵਿੱਚ ਆਏ ਹਨ ਜਿੱਥੇ ਮਿਹਨਤ ਦਾ ਮੁੱਲ ਪੈਂਦਾ ਹੈ। ਉਨ੍ਹਾਂ ਕਿਹਾ ਕਿ ਲੋਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 56,000 ਤੋਂ ਵੱਧ ਨੌਕਰੀਆਂ ਬਿਨਾਂ ਰਿਸ਼ਵਤ ਤੇ ਸਿਫਾਰਸ਼ ਤੋਂ ਦੇਣ, 90% ਘਰਾਂ ਦੇ ਬਿਜਲੀ ਬਿੱਲ ਜ਼ੀਰੋ ਕਰਨ ਅਤੇ 10 ਲੱਖ ਦੇ ਸਿਹਤ ਬੀਮਾ ਕਾਰਡ ਵਰਗੇ ਇਤਿਹਾਸਕ ਕੰਮਾਂ ਤੋਂ ਖੁਸ਼ ਹੋ ਕੇ ‘ਆਪ’ ਨਾਲ ਜੁੜ ਰਹੇ ਹਨ।
ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ‘ਆਪ’ ਨੇ ਪੰਜਾਬ ‘ਚੋਂ ਇਹ ਧਾਰਨਾ ਬਦਲ ਦਿੱਤੀ ਹੈ ਕਿ ਨੌਕਰੀ ਸਿਰਫ਼ ਪੈਸੇ ਜਾਂ ਸਿਫਾਰਸ਼ ਨਾਲ ਮਿਲਦੀ ਹੈ। ਹੁਣ ਯੋਗਤਾ ਦੇ ਆਧਾਰ ‘ਤੇ ਨੌਕਰੀਆਂ ਮਿਲ ਰਹੀਆਂ ਹਨ, ਜਿਸ ਕਾਰਨ ਨੌਜਵਾਨਾਂ ਦਾ ਵਿਦੇਸ਼ ਜਾਣ ਦਾ ਰੁਝਾਨ ਵੀ ਘਟਿਆ ਹੈ। ‘ਆਪ’ ਆਗੂਆਂ ਨੇ ਕਿਹਾ ਕਿ ਤਰਨਤਾਰਨ ਦੇ ਲੋਕ ਸਿਰਫ਼ ਕੰਮ ਨੂੰ ਵੋਟ ਦੇਣਗੇ ਅਤੇ ਹਰਮੀਤ ਸਿੰਘ ਸੰਧੂ ਨੂੰ ਵੱਡੇ ਮਾਰਜਨ ਨਾਲ ਜਿਤਾ ਕੇ ਵਿਧਾਨ ਸਭਾ ਭੇਜਣਗੇ।
HOMEPAGE:-http://PUNJABDIAL.IN

Leave a Reply