350ਵੇਂ ਸ਼ਹੀਦੀ ਪੁਰਬ ‘ਤੇ ਮਾਨ ਸਰਕਾਰ ਦੀ ਬੇਮਿਸਾਲ ਤਿਆਰੀ: 1 ਕਰੋੜ ਸੰਗਤ ਲਈ 106 ਏਕੜ ‘ਚ ਪਾਰਕਿੰਗ, 500 ਈ-ਰਿਕਸ਼ਾ ਤੇ 11,000 ਦੇ ਠਹਿਰਨ ਦਾ ਪ੍ਰਬੰਧ: ਹਰਮੀਤ ਸੰਧੂ
‘ਆਪ’ ਸਰਕਾਰ 15-ਦਿਨਾਂ ਵਿਦਿਅਕ ਪਾਠਕ੍ਰਮ ਰਾਹੀਂ ਨਵੀਂ ਪੀੜ੍ਹੀ ਨੂੰ ਗੁਰੂ ਸਾਹਿਬ ਦੀ ਵਿਰਾਸਤ ਨਾਲ ਜੋੜੇਗੀ: ਸੰਧੂ
ਹਰ ਤਹਿਸੀਲ ਤੋਂ ਮੁਫ਼ਤ ਬੱਸ ਸੇਵਾ, 500 ਡਰੋਨਾਂ ਦਾ ਸ਼ੋਅ ‘ਆਪ’ ਸਰਕਾਰ ਦੀ ਗੁਰੂ ਸਾਹਿਬ ਪ੍ਰਤੀ ਸੱਚੀ ਸ਼ਰਧਾ ਦਾ ਪ੍ਰਤੀਕ: ਹਰਮੀਤ ਸੰਧੂ
ਮਾਨ ਸਰਕਾਰ ਦੇ ਪ੍ਰਬੰਧਾਂ ਨੇ ਪਿਛਲੀਆਂ ਸਰਕਾਰਾਂ ਨੂੰ ਪਾਈ ਮਾਤ, ਪਹਿਲੀ ਵਾਰ ਹੋਵੇਗਾ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ: ‘ਆਪ’ ਉਮੀਦਵਾਰ ਸੰਧੂ
ਤਰਨਤਾਰਨ, 4 ਨਵੰਬਰ
ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਰਾਜ ਪੱਧਰੀ ਸਮਾਗਮਾਂ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਆਪਕ ਪ੍ਰਬੰਧਾਂ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ 1 ਕਰੋੜ ਦੇ ਕਰੀਬ ਸੰਗਤ ਦੀ ਆਮਦ ਨੂੰ ਦੇਖਦਿਆਂ ‘ਆਪ’ ਸਰਕਾਰ ਨੇ ਜੋ ਇਤਿਹਾਸਕ ਪ੍ਰਬੰਧ ਉਲੀਕੇ ਹਨ, ਉਹ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਸੱਚੀ ਸ਼ਰਧਾਂਜਲੀ ਹੈ ਅਤੇ ਇਹ ਪਿਛਲੀਆਂ ਸਰਕਾਰਾਂ ਦੇ ਪ੍ਰਬੰਧਾਂ ਤੋਂ ਕਿਤੇ ਵੱਧ ਕੇ ਹਨ।
ਇੱਥੇ ਜਾਰੀ ਇੱਕ ਬਿਆਨ ਵਿੱਚ ‘ਆਪ’ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ ਸਰਕਾਰ ਵੱਲੋਂ ਜਾਰੀ ਅੰਕੜਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਰੋਜ਼ਾਨਾ 11 ਹਜ਼ਾਰ ਤੋਂ ਵੱਧ ਸੰਗਤ ਦੇ ਠਹਿਰਨ ਲਈ ਤਿੰਨ ਵਿਸ਼ਾਲ ‘ਟੈਂਟ ਸਿਟੀਆਂ’ ਦਾ ਨਿਰਮਾਣ, ਸ੍ਰੀ ਅਨੰਦਪੁਰ ਸਾਹਿਬ ਨੂੰ ਜਾਣ ਵਾਲੇ ਰਸਤਿਆਂ ‘ਤੇ 106 ਏਕੜ ਤੋਂ ਵੱਧ ਰਕਬੇ ਵਿੱਚ ਵਿਸ਼ਾਲ ਪਾਰਕਿੰਗ ਦੀ ਵਿਵਸਥਾ ਕਰਨਾ ਮਾਨ ਸਰਕਾਰ ਦੀ ਦੂਰਅੰਦੇਸ਼ੀ ਅਤੇ ਸਮਰਪਣ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਪਵਿੱਤਰ ਸ਼ਹਿਰ ਦੇ ਅੰਦਰ ਸੰਗਤ ਦੀ ਸਹੂਲਤ ਲਈ 500 ਈ-ਰਿਕਸ਼ਾ ਅਤੇ 100 ਮਿੰਨੀ ਬੱਸਾਂ ਦਾ ਮੁਫ਼ਤ ਪ੍ਰਬੰਧ ਕਰਨਾ ਇੱਕ ਬੇਹੱਦ ਸ਼ਲਾਘਾਯੋਗ ਕਦਮ ਹੈ, ਜਿਸ ਨਾਲ ਬਜ਼ੁਰਗਾਂ ਅਤੇ ਬੱਚਿਆਂ ਨੂੰ ਵੱਡੀ ਸਹੂਲਤ ਮਿਲੇਗੀ।
ਹਰਮੀਤ ਸਿੰਘ ਸੰਧੂ ਨੇ ਖਾਸ ਤੌਰ ‘ਤੇ ਸਿੱਖਿਆ ਵਿਭਾਗ ਦੀ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ 10 ਨਵੰਬਰ ਤੋਂ ਸਕੂਲਾਂ ਵਿੱਚ ਨਰਸਰੀ ਤੋਂ ਬਾਰ੍ਹਵੀਂ ਜਮਾਤ ਤੱਕ 15-ਦਿਨਾਂ ਦਾ ਲਾਜ਼ਮੀ ਵਿਦਿਅਕ ਪਾਠਕ੍ਰਮ ਸ਼ੁਰੂ ਕਰਨਾ, ਆਉਣ ਵਾਲੀਆਂ ਪੀੜ੍ਹੀਆਂ ਨੂੰ ਗੁਰੂ ਸਾਹਿਬ ਦੇ ਜੀਵਨ, ਸ਼ਹਾਦਤ ਅਤੇ ਖ਼ਾਲਸਾ ਪੰਥ ਦੀ ਸਿਰਜਣਾ ਦੇ ਮਹਾਨ ਇਤਿਹਾਸ ਨਾਲ ਜੋੜਨ ਦਾ ਇੱਕ ਇਤਿਹਾਸਕ ਉਪਰਾਲਾ ਹੈ। ਇਸੇ ਤਰ੍ਹਾਂ, ਸੂਬੇ ਭਰ ਦੇ ਸਾਰੇ ਜ਼ਿਲ੍ਹਿਆਂ ਵਿੱਚ 45-ਮਿੰਟ ਦਾ ਵਿਸ਼ੇਸ਼ ਲਾਈਟ ਐਂਡ ਸਾਊਂਡ ਸ਼ੋਅ ਅਤੇ ਯੂਨੀਵਰਸਿਟੀਆਂ-ਕਾਲਜਾਂ ਵਿੱਚ ਸੈਮੀਨਾਰ ਕਰਵਾਉਣ ਨਾਲ ਗੁਰੂ ਸਾਹਿਬ ਦਾ ਮਾਨਵਤਾਵਾਦੀ ਸੰਦੇਸ਼ ਘਰ-ਘਰ ਪਹੁੰਚੇਗਾ।
‘ਆਪ’ ਉਮੀਦਵਾਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 23 ਤੋਂ 25 ਨਵੰਬਰ ਤੱਕ ਪੰਜਾਬ ਦੀ ਹਰ ਤਹਿਸੀਲ ਤੋਂ ਸ੍ਰੀ ਅਨੰਦਪੁਰ ਸਾਹਿਬ ਲਈ ਵਿਸ਼ੇਸ਼ ਮੁਫਤ ਬੱਸ ਸੇਵਾ ਸ਼ੁਰੂ ਕਰਨਾ ਯਕੀਨੀ ਬਣਾਏਗਾ ਕਿ ਕੋਈ ਵੀ ਸ਼ਰਧਾਲੂ ਆਰਥਿਕ ਤੰਗੀ ਕਾਰਨ ਦਰਸ਼ਨਾਂ ਤੋਂ ਵਾਂਝਾ ਨਾ ਰਹੇ। ਉਨ੍ਹਾਂ 500 ਡਰੋਨਾਂ ਵਾਲੇ ਉੱਤਰੀ ਭਾਰਤ ਦੇ ਪਹਿਲੇ ਡਰੋਨ ਸ਼ੋਅ ਅਤੇ ਇਤਿਹਾਸ ਵਿੱਚ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੱਦਣ ਦੇ ਫੈਸਲੇ ਨੂੰ ਕ੍ਰਾਂਤੀਕਾਰੀ ਦੱਸਿਆ। ਸੰਧੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ, ਸਰਕਾਰ ਦੇ ਸਾਰੇ ਮੰਤਰੀ ਅਤੇ ਵਿਧਾਇਕ 19 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਚਾਰ ਵਿਸ਼ਾਲ ਨਗਰ ਕੀਰਤਨਾਂ ਵਿੱਚ ਨਿਮਾਣੇ ਸੇਵਕ ਵਜੋਂ ਸੇਵਾ ਨਿਭਾਉਣਗੇ, ਜੋ ‘ਆਪ’ ਸਰਕਾਰ ਦੀ ਸੇਵਾ ਭਾਵਨਾ ਦਾ ਪ੍ਰਤੀਕ ਹੈ।
HOMEPAGE:-http://punjabdial.in

Leave a Reply