*ਰਾਜਾ ਵੜਿੰਗ ਵੱਲੋਂ ਸਿੱਖ ਕਕਾਰਾਂ ਦੀ ਬੇਅਦਬੀ ਸ਼ਰਮਨਾਕ, ਸਿੱਖ ਕੌਮ ਕਾਂਗਰਸ ਨੂੰ ਕਦੇ ਮੁਆਫ ਨਹੀਂ ਕਰੇਗੀ: ਹਰਮੀਤ ਸਿੰਘ ਸੰਧੂ*
*ਸਿੱਖ ਬੱਚਿਆਂ ਦੇ ਜੂੜਿਆਂ ਦਾ ਮਜ਼ਾਕ ਉਡਾ ਕੇ ਕਾਂਗਰਸ ਨੇ ਫਿਰ ਦਿਖਾਈ ਆਪਣੀ ਸਿੱਖ ਵਿਰੋਧੀ ਮਾਨਸਿਕਤਾ: ਹਰਮੀਤ ਸਿੰਘ ਸੰਧੂ*
*ਤਰਨਤਾਰਨ ਦੇ ਲੋਕ ਕਾਂਗਰਸ ਦੀ ਸਿੱਖ ਵਿਰੋਧੀ ਸੋਚ ਦਾ ਮੂੰਹ-ਤੋੜ ਜਵਾਬ ਦੇਣਗੇ: ਹਰਮੀਤ ਸਿੰਘ ਸੰਧੂ*
ਤਰਨਤਾਰਨ, 9 ਨਵੰਬਰ 2025
ਆਮ ਆਦਮੀ ਪਾਰਟੀ (ਆਪ) ਦੇ ਤਰਨਤਾਰਨ ਹਲਕੇ ਤੋਂ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਸਿੱਖ ਬੱਚਿਆਂ ਦੇ ਕੇਸਾਂ (ਜੂੜਿਆਂ) ਦਾ ਮਜ਼ਾਕ ਉਡਾਉਣ ਦੀ ਘਟਨਾ ‘ਤੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਸੰਧੂ ਨੇ ਕਿਹਾ ਕਿ ਵੜਿੰਗ ਦੀ ਇਹ ਘਟੀਆ ਹਰਕਤ ਸਮੁੱਚੀ ਸਿੱਖ ਕੌਮ ਲਈ ਅਸਹਿ ਹੈ ਅਤੇ ਇਸ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਤਰਨਤਾਰਨ ਦੇ ਸਿੱਖ ਸੰਗਤ ਕਾਂਗਰਸ ਨੂੰ ਇਸ ਬੇਅਦਬੀ ਲਈ ਕਦੇ ਮੁਆਫ ਨਹੀਂ ਕਰੇਗੀ।
ਸੰਧੂ ਨੇ ਕਿਹਾ ਕਿ ਕੇਸ ਅਤੇ ਜੂੜੇ ਗੁਰੂ ਸਾਹਿਬਾਨ ਵੱਲੋਂ ਬਖਸ਼ੇ ਪਵਿੱਤਰ ਕਕਾਰ ਹਨ, ਜੋ ਸਿੱਖਾਂ ਦੀ ਅਸਲ ਪਹਿਚਾਣ ਹਨ। ਰਾਜਾ ਵੜਿੰਗ ਵੱਲੋਂ ਜਨਤਕ ਤੌਰ ‘ਤੇ ਬੱਚਿਆਂ ਦੇ ਕਕਾਰਾਂ ਦਾ ਮਜ਼ਾਕ ਉਡਾਉਣਾ ਕਾਂਗਰਸ ਦੀ ਪੁਰਾਣੀ ਸਿੱਖ ਵਿਰੋਧੀ ਮਾਨਸਿਕਤਾ ਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਆਗੂ ਅਕਸਰ ਸਿੱਖ ਗੁਰੂ ਸਾਹਿਬਾਨ ਅਤੇ ਪੰਥਕ ਸ਼ਖਸੀਅਤਾਂ ਬਾਰੇ ਗਲਤ ਬਿਆਨਬਾਜ਼ੀ ਕਰਕੇ ਸਿੱਖ ਹਿਰਦਿਆਂ ਨੂੰ ਦੁੱਖ ਪਹੁੰਚਾਉਂਦੇ ਰਹਿੰਦੇ ਹਨ, ਜੋ ਬਰਦਾਸ਼ਤ ਤੋਂ ਬਾਹਰ ਹੈ।
ਆਪ ਉਮੀਦਵਾਰ ਸੰਧੂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕੀਤੀ ਕਿ ਉਹ ਇਸ ਗੰਭੀਰ ਮਾਮਲੇ ਦਾ ਸਖ਼ਤ ਨੋਟਿਸ ਲੈਣ। ਸੰਧੂ ਨੇ ਕਿਹਾ ਕਿ ਜਦੋਂ ਤੱਕ ਰਾਜਾ ਵੜਿੰਗ ਆਪਣੀ ਇਸ ਸ਼ਰਮਨਾਕ ਹਰਕਤ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋ ਕੇ ਮੁਆਫੀ ਨਹੀਂ ਮੰਗਦੇ, ਉਦੋਂ ਤੱਕ ਉਨ੍ਹਾਂ ਦਾ ਸਮਾਜਿਕ ਬਾਈਕਾਟ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਤਰਨਤਾਰਨ ਦੇ ਸੂਝਵਾਨ ਵੋਟਰ ਆਉਣ ਵਾਲੀ ਜ਼ਿਮਨੀ ਚੋਣ ਵਿੱਚ ਕਾਂਗਰਸ ਦੀ ਇਸ ਸਿੱਖ ਵਿਰੋਧੀ ਸੋਚ ਨੂੰ ਕਰਾਰਾ ਜਵਾਬ ਦੇਣਗੇ।
HOMEPAGE:-http://PUNJABDIAL.IN

Leave a Reply