ਆਮ ਆਦਮੀ ਪਾਰਟੀ ਦੇ ਰਾਮਪਾਲ ਉੱਪਲ ਬਣੇ ਫਗਵਾੜਾ ਦੇ ਨਵੇਂ ਮੇਅਰ
ਤੇਜਪਾਲ ਬਸਰਾ ਸੀਨੀਅਰ ਡਿਪਟੀ ਮੇਅਰ ਅਤੇ ਵਿਪਨ ਕ੍ਰਿਸ਼ਨ ਡਿਪਟੀ ਮੇਅਰ ਬਣੇ
‘ਆਪ’ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਦਿੱਤੀ ਵਧਾਈ, ਕਿਹਾ- ਕੌਂਸਲਰਾਂ ਨੇ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਫਗਵਾੜਾ ਦੇ ਵਿਕਾਸ ਨੂੰ ਦਿੱਤੀ ਪਹਿਲ
ਫਗਵਾੜਾ ਵਾਸੀਆਂ ਨੂੰ ਜੋ ਪੰਜ ਗਾਰੰਟੀਆਂ ਦਿੱਤੀਆਂ ਸਨ, ਉਨ੍ਹਾਂ ‘ਤੇ ਕੱਲ ਤੋਂ ਹੀ ਕੰਮ ਸ਼ੁਰੂ ਹੋ ਜਾਵੇਗਾ, ਪੈਂਡਿੰਗ ਪਏ ਕੰਮ ਵੀ ਪਹਿਲ ਦੇ ਆਧਾਰ ‘ਤੇ ਪੂਰੇ ਕੀਤੇ ਜਾਣਗੇ – ਅਰੋੜਾ
ਚੰਡੀਗੜ੍ਹ, 1 ਫਰਵਰੀ
ਲੁਧਿਆਣਾ, ਜਲੰਧਰ, ਅੰਮ੍ਰਿਤਸਰ ਅਤੇ ਪਟਿਆਲਾ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਨੇ ਫਗਵਾੜਾ ਨਗਰ ਨਿਗਮ ਵਿੱਚ ਵੀ ਆਪਣਾ ਮੇਅਰ ਬਣਾ ਲਿਆ ਹੈ। ‘ਆਪ’ ਦੇ ਰਾਮਪਾਲ ਉੱਪਲ ਨੂੰ ਫਗਵਾੜਾ ਦਾ ਨਵਾਂ ਮੇਅਰ ਚੁਣਿਆ ਗਿਆ ਹੈ। ਤੇਜਪਾਲ ਬਸਰਾ ਸੀਨੀਅਰ ਡਿਪਟੀ ਮੇਅਰ ਅਤੇ ਵਿਪਨ ਕ੍ਰਿਸ਼ਨ ਡਿਪਟੀ ਮੇਅਰ ਬਣੇ ਹਨ।
ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਸਾਰੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇੱਥੋਂ ਦੇ ਕੌਂਸਲਰਾਂ ਨੇ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਫਗਵਾੜਾ ਦੇ ਵਿਕਾਸ ਨੂੰ ਪਹਿਲ ਦਿੱਤੀ ਅਤੇ ਆਮ ਆਦਮੀ ਪਾਰਟੀ ਦਾ ਮੇਅਰ ਬਣਾਇਆ।
‘ਆਪ’ ਦਾ ਮੇਅਰ ਚੁਣੇ ਜਾਣ ਤੋਂ ਬਾਅਦ ਅਮਨ ਅਰੋੜਾ ਨੇ ਪਾਰਟੀ ਦੇ ਸੰਸਦ ਮੈਂਬਰ ਡਾ. ਰਾਜਕੁਮਾਰ ਚੱਬੇਵਾਲ ਅਤੇ ‘ਆਪ’ ਆਗੂ ਡਾ. ਸੰਨੀ ਆਹਲੂਵਾਲੀਆ ਅਤੇ ਹੋਰ ਆਗੂਆਂ ਨਾਲ ਫਗਵਾੜਾ ‘ਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। ਉਨ੍ਹਾਂ ਪਾਰਟੀ ਦੀ ਉਚ ਲੀਡਰਸ਼ਿਪ ਅਤੇ ਸਥਾਨਕ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਪਾਰਟੀ ਵਰਕਰਾਂ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ ਕਿ ਅੱਜ ਇੱਥੇ ਸਾਨੂੰ ਇਤਿਹਾਸਕ ਜਿੱਤ ਮਿਲੀ ਹੈ।
ਅਰੋੜਾ ਨੇ ਕਿਹਾ ਕਿ ਹਾਲ ਹੀ ‘ਚ ਹੋਈਆਂ 46 ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ‘ਚ 41 ਥਾਵਾਂ ‘ਤੇ ਆਮ ਆਦਮੀ ਪਾਰਟੀ ਨੂੰ ਸਪੱਸ਼ਟ ਬਹੁਮਤ ਮਿਲਿਆ ਹੈ ਅਤੇ ਬਾਕੀ ਰਹਿੰਦੇ ਮੇਅਰ ਚੋਣਾਂ ‘ਚ ਵੀ ਕੌਂਸਲਰਾਂ ਨੇ ਆਪਣੇ ਸ਼ਹਿਰ ਦੇ ਵਿਕਾਸ ਲਈ ਆਮ ਆਦਮੀ ਪਾਰਟੀ ਦਾ ਮੇਅਰ ਬਣਾਇਆ ਹੈ।
ਉਨ੍ਹਾਂ ਕਿਹਾ ਕਿ ਫਗਵਾੜਾ ਮੇਅਰ ਦੀ ਚੋਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਦੇ ਆਧਾਰ ‘ਤੇ ਕਰਵਾਈ ਗਈ ਹੈ। ਇਹ ਚੋਣ ਸੇਵਾਮੁਕਤ ਜੱਜ ਜਸਟਿਸ ਹਰਬੰਸ ਲਾਲ ਦੀ ਨਿਗਰਾਨੀ ਹੇਠ ਕਰਵਾਈ ਗਈ। ਇਸ ਤੋਂ ਪਹਿਲਾਂ ਜਦੋਂ ਅੰਮ੍ਰਿਤਸਰ ਵਿੱਚ ਮੇਅਰ ਦੀ ਚੋਣ ਹੋਈ ਸੀ ਤਾਂ ਕਾਂਗਰਸ ਪਾਰਟੀ ਨੇ ਕਾਫੀ ਹੰਗਾਮਾ ਅਤੇ ਡਰਾਮਾ ਕੀਤਾ ਸੀ ਪਰ ਹਾਈ ਕੋਰਟ ਨੇ ਉਨ੍ਹਾਂ ਦੀ ਅਪੀਲ ਰੱਦ ਕਰ ਦਿੱਤੀ ਸੀ। ਕਾਂਗਰਸ ਪਾਰਟੀ ਨੂੰ ਪੂਰੇ ਪੰਜਾਬ ਵਿੱਚ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਉਹ ਪ੍ਰੇਸ਼ਾਨ ਹਨ।
ਅਰੋੜਾ ਨੇ ਫਗਵਾੜਾ ਵਾਸੀਆਂ ਨੂੰ ਕਿਹਾ “ਮੈਂ ਫਗਵਾੜਾ ਵਾਸੀਆਂ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਹੁਣ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਫਗਵਾੜਾ ਦਾ ਵਿਕਾਸ ਕਰਨਾ ਸਾਡੀ ਜ਼ਿੰਮੇਵਾਰੀ ਹੈ। ਮੈਂ ਵਿਰੋਧੀ ਪਾਰਟੀਆਂ ਦੇ ਕੌਂਸਲਰਾਂ ਨੂੰ ਵੀ ਅਪੀਲ ਕਰਦਾ ਹਾਂ ਕਿ ਉਹ ਇਹ ਸੋਚ ਕੇ ਨਿਰਾਸ਼ ਨਾ ਹੋਣ ਕਿ ਸਾਡੀ ਪਾਰਟੀ ਦਾ ਮੇਅਰ ਨਹੀਂ ਹੈ ਤਾਂ ਸਾਡੇ ਕੰਮ ਕਿਵੇਂ ਹੋਣਗੇ। ਅਸੀਂ ਸਾਰਿਆਂ ਲਈ ਵਿਕਾਸ ਵਿੱਚ ਵਿਸ਼ਵਾਸ਼ ਰੱਖਦੇ ਹਾਂ।”
ਅਰੋੜਾ ਨੇ ਕਿਹਾ ਕਿ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਫਗਵਾੜਾ ਦੇ ਲੋਕਾਂ ਨੂੰ ਦਿੱਤੀਆਂ ਗਈਆਂ ਪੰਜ ਗਾਰੰਟੀਆਂ ‘ਤੇ ਕੰਮ ਕੱਲ੍ਹ ਤੋਂ ਹੀ ਸ਼ੁਰੂ ਹੋ ਜਾਵੇਗਾ। ਇਸ ਤੋਂ ਇਲਾਵਾ ਪੈੰਡਿਂਗ ਪਏ ਕੰਮਾਂ ਨੂੰ ਵੀ ਪਹਿਲ ਦੇ ਆਧਾਰ ‘ਤੇ ਪੂਰਾ ਕੀਤਾ ਜਾਵੇਗਾ। ਅਸੀਂ ਫਗਵਾੜਾ ਦੇ ਵਿਕਾਸ ਲਈ ਵਚਨਬੱਧ ਹਾਂ।
HOMEPAGE:-http://PUNJABDIAL.IN
Leave a Reply