ਸਾਡੀ ਸਮੁੱਚੀ ਸਿਹਤ ਦਾ ਸਿੱਧਾ ਸਬੰਧ ਸਾਡੀ ਖ਼ੁਰਾਕ ਨਾਲ ਹੁੰਦਾ ਹੈ। ਇਸ ਲਈ ਇਹ ਬੇਹੱਦ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਸਿਰਫ਼ ਪੋਸ਼ਕ ਤੱਤਾਂ ਨਾਲ ਭਰਪੂਰ ਭੋਜਨ ਹੀ ਨਾ ਖਾਈਏ, ਸਗੋਂ ਉਸ ਨੂੰ ਅਜਿਹੇ ਤਰੀਕੇ ਨਾਲ ਗ੍ਰਹਿਣ ਕਰੀਏ ਕਿ ਸਰੀਰ ਨੂੰ ਉਸ ਦਾ ਪੂਰਾ ਲਾਭ ਮਿਲ ਸਕੇ।
ਆਮ ਤੌਰ ਤੇ ਲੋਕ ਸਿਰਫ਼ ਇਸ ਗੱਲ ਵੱਲ ਧਿਆਨ ਦਿੰਦੇ ਹਨ ਕਿ ਉਹ ਕੀ ਖਾ ਰਹੇ ਹਨ ਅਤੇ ਸਮਝਦੇ ਹਨ ਕਿ ਇਸ ਨਾਲ ਸਰੀਰ ਨੂੰ ਸਾਰੇ ਜ਼ਰੂਰੀ ਤੱਤ ਮਿਲ ਰਹੇ ਹਨ।
ਟਮਾਟਰ ਦੇ ਨਾਲ ਦੇਸੀ ਘਿਓ ਜਾਂ ਜੈਤੂਨ ਦਾ ਤੇਲ
ਡਾਕਟਰ ਸ਼ੁਭਮ ਅਨੁਸਾਰ ਪਹਿਲਾ ਉੱਤਮ ਸੁਮੇਲ ਦੇਸੀ ਘਿਓ ਅਤੇ ਟਮਾਟਰ ਦਾ ਹੈ, ਜਿਸ ਵਿੱਚ ਘਿਓ ਦੀ ਥਾਂ ਜੈਤੂਨ ਦਾ ਤੇਲ (ਆਲਿਵ ਆਇਲ) ਵੀ ਵਰਤਿਆ ਜਾ ਸਕਦਾ ਹੈ। ਦਰਅਸਲ, ਟਮਾਟਰ ਵਿੱਚ ਪਾਇਆ ਜਾਣ ਵਾਲਾ ‘ਲਾਈਕੋਪੀਨ’ ਇੱਕ ਫੈਟ-ਸੌਲਿਊਬਲ (ਚਰਬੀ ਵਿੱਚ ਘੁਲਣਸ਼ੀਲ) ਐਂਟੀਆਕਸੀਡੈਂਟ ਹੁੰਦਾ ਹੈ। ਜਦੋਂ ਤੁਸੀਂ ਇਸ ਨੂੰ ਕਿਸੇ ਸਿਹਤਮੰਦ ਚਰਬੀ (ਹੈਲਦੀ ਫੈਟ) ਦੇ ਨਾਲ ਲੈਂਦੇ ਹੋ, ਤਾਂ ਸਰੀਰ ਅੰਦਰ ਇਸ ਦੇ ਜਜ਼ਬ ਹੋਣ ਦੀ ਸਮਰੱਥਾ ਕਈ ਗੁਣਾ ਵਧ ਜਾਂਦੀ ਹੈ। ਇਹ ਤੱਤ ਦਿਲ ਅਤੇ ਲਿਵਰ ਦੇ ਸੈੱਲਾਂ ਨੂੰ ਆਕਸੀਡੇਟਿਵ ਤਣਾਅ ਤੋਂ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ।
ਪਾਲਕ, ਦਾਲ ਅਤੇ ਨਿੰਬੂ ਦਾ ਸੁਮੇਲ
ਦੂਜਾ ਫੂਡ ਕੰਬੀਨੇਸ਼ਨ ਪਾਲਕ ਅਤੇ ਨਿੰਬੂ ਦਾ ਹੈ। ਤੁਸੀਂ ਦਾਲ ਵਿੱਚ ਪਾਲਕ ਪਕਾ ਕੇ ਉਸ ਵਿੱਚ ਨਿੰਬੂ ਦਾ ਰਸ ਮਿਲਾ ਸਕਦੇ ਹੋ। ਡਾਕਟਰ ਸ਼ੁਭਮ ਦੱਸਦੇ ਹਨ ਕਿ ਪਾਲਕ ਵਿੱਚ ਮੌਜੂਦ ਆਇਰਨ ‘ਨਾਨ-ਹੀਮ’ (Non-heme) ਸ਼੍ਰੇਣੀ ਦਾ ਹੁੰਦਾ ਹੈ, ਜੋ ਕੁਦਰਤੀ ਤੌਰ ‘ਤੇ ਮਨੁੱਖੀ ਸਰੀਰ ਵਿੱਚ ਘੱਟ ਜਜ਼ਬ ਹੁੰਦਾ ਹੈ। ਨਿੰਬੂ ਵਿੱਚ ਮੌਜੂਦ ਵਿਟਾਮਿਨ-ਸੀ ਇਸ ਆਇਰਨ ਨੂੰ ਸਰੀਰ ਵਿੱਚ ਜਜ਼ਬ ਕਰਨ ਦੀ ਦਰ ਨੂੰ ਕਾਫ਼ੀ ਤੇਜ਼ ਕਰ ਦਿੰਦਾ ਹੈ, ਜਿਸ ਨਾਲ ਖ਼ੂਨ ਦੀ ਕਮੀ ਨੂੰ ਦੂਰ ਕਰਨ ਵਿੱਚ ਮਦਦ ਮਿਲਦੀ ਹੈ।
ਦਹੀਂ ਦੇ ਨਾਲ ਅਲਸੀ ਦੇ ਬੀਜ
ਤੀਜੇ ਸੁਮੇਲ ਵਜੋਂ ਮਾਹਿਰਾਂ ਨੇ ਦਹੀਂ ਦੇ ਨਾਲ ਅਲਸੀ (Flaxseeds) ਲੈਣ ਦੀ ਸਲਾਹ ਦਿੱਤੀ ਹੈ। ਡਾਕਟਰ ਸ਼ੁਭਮ ਮੁਤਾਬਕ ਦਹੀਂ ਸਰੀਰ ਨੂੰ ਜ਼ਰੂਰੀ ਪ੍ਰੋਬਾਇਓਟਿਕਸ ਪ੍ਰਦਾਨ ਕਰਦਾ ਹੈ, ਜਦਕਿ ਅਲਸੀ ਤੋਂ ਘੁਲਣਸ਼ੀਲ ਫਾਈਬਰ, ਓਮੇਗਾ-3 ਫੈਟੀ ਐਸਿਡ ਅਤੇ ਏਐੱਲਏ (ALA) ਪ੍ਰਾਪਤ ਹੁੰਦੇ ਹਨ। ਜਦੋਂ ਇਹ ਦੋਵੇਂ ਚੀਜ਼ਾਂ ਇਕੱਠੀਆਂ ਖਾਧੀਆਂ ਜਾਂਦੀਆਂ ਹਨ, ਤਾਂ ਇਹ ਅੰਤੜੀਆਂ ਦੇ ਚੰਗੇ ਬੈਕਟੀਰੀਆ ਨੂੰ ਵਧਾਉਣ, ਪੇਟ ਦੇ ਮਲ ਤਿਆਗ (ਕਬਜ਼ ਤੋਂ ਰਾਹਤ) ਨੂੰ ਸੁਧਾਰਨ ਅਤੇ ਸਰੀਰ ਅੰਦਰੂਨੀ ਸੋਜਸ਼ (ਇਨਫਲਾਮੇਸ਼ਨ) ਨੂੰ ਘਟਾਉਣ ਵਿੱਚ ਸ਼ਾਨਦਾਰ ਨਤੀਜੇ ਦਿੰਦੀਆਂ ਹਨ।
ਹਲਦੀ ਦੇ ਨਾਲ ਕਾਲੀ ਮਿਰਚ
ਚੌਥਾ ਅਤੇ ਬੇਹੱਦ ਅਹਿਮ ਫੂਡ ਕੰਬੀਨੇਸ਼ਨ ਹਲਦੀ ਦੇ ਨਾਲ ਕਾਲੀ ਮਿਰਚ ਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਹਲਦੀ ਦਾ ਮੁੱਖ ਕਿਰਿਆਸ਼ੀਲ ਤੱਤ ‘ਕਰਕਿਊਮਿਨ’ ਹੁੰਦਾ ਹੈ, ਜੋ ਆਮ ਤੌਰ ‘ਤੇ ਸਰੀਰ ਵਿੱਚ ਬਹੁਤ ਘੱਟ ਸਮਾਉਂਦਾ ਹੈ। ਕਾਲੀ ਮਿਰਚ ਵਿੱਚ ਮੌਜੂਦ ‘ਪਾਈਪਰੀਨ’ ਤੱਤ ਕਰਕਿਊਮਿਨ ਦੀ ਬਾਇਓ-ਉਪਲਬਧਤਾ (ਖ਼ੂਨ ਵਿੱਚ ਘੁਲਣ ਦੀ ਸਮਰੱਥਾ) ਨੂੰ ਹਜ਼ਾਰਾਂ ਗੁਣਾ ਵਧਾ ਦਿੰਦਾ ਹੈ। ਇਸੇ ਸੁਮੇਲ ਕਾਰਨ ਕਰਕਿਊਮਿਨ ਦੇ ਸੋਜਸ਼-ਵਿਰੋਧੀ (ਐਂਟੀ-ਇਨਫਲਾਮੇਟਰੀ) ਅਤੇ ਚਿਕਿਤਸਕ ਗੁਣ ਸਰੀਰ ਨੂੰ ਪੂਰੀ ਤਰ੍ਹਾਂ ਮਿਲਦੇ ਹਨ। ਇਸ ਲਈ ਅਗਲੀ ਵਾਰ ਜਦੋਂ ਵੀ ਤੁਸੀਂ ਹਲਦੀ ਵਾਲਾ ਦੁੱਧ ਪੀਓ, ਤਾਂ ਉਸ ਵਿੱਚ ਚੁਟਕੀ ਭਰ ਕਾਲੀ ਮਿਰਚ ਜ਼ਰੂਰ ਮਿਲਾਓ।
HOMEPAGE:-http://PUNJABDIAL.IN

Leave a Reply