ਮੁੱਖ ਮੰਤਰੀ ਨੇ ਕਾਮੇਡੀਅਨ ਜਸਵਿੰਦਰ ਭੱਲਾ ਦੇ ਦੇਹਾਂਤ ‘ਤੇ ਦੁੱਖ ਪ੍ਰਗਟਾਇਆ

ਮੁੱਖ ਮੰਤਰੀ ਨੇ ਕਾਮੇਡੀਅਨ ਜਸਵਿੰਦਰ ਭੱਲਾ ਦੇ ਦੇਹਾਂਤ ‘ਤੇ ਦੁੱਖ ਪ੍ਰਗਟਾਇਆ

ਮੁੱਖ ਮੰਤਰੀ ਦਫ਼ਤਰ, ਪੰਜਾਬ

ਮੁੱਖ ਮੰਤਰੀ ਨੇ ਕਾਮੇਡੀਅਨ ਜਸਵਿੰਦਰ ਭੱਲਾ ਦੇ ਦੇਹਾਂਤ ‘ਤੇ ਦੁੱਖ ਪ੍ਰਗਟਾਇਆ

* ਉੱਘੇ ਕਾਮੇਡੀਅਨ ਦੀ ਮੌਤ ਨੂੰ ਵੱਡਾ ਨਿੱਜੀ ਘਾਟਾ ਦੱਸਿਆ
* ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਜਸਵਿੰਦਰ ਭੱਲਾ ਦੇ ਗ੍ਰਹਿ ਵਿਖੇ ਪੁੱਜੇ ਮੁੱਖ ਮੰਤਰੀ

ਐਸ.ਏ.ਐਸ. ਨਗਰ (ਮੁਹਾਲੀ), 22 ਅਗਸਤ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਸਿੱਧ ਪੰਜਾਬੀ ਅਦਾਕਾਰ/ਹਾਸਰਸ ਕਲਾਕਾਰ ਜਸਵਿੰਦਰ ਭੱਲਾ ਦੀ ਦੁਖਦਾਈ ਅਤੇ ਬੇਵਕਤੀ ਮੌਤ ‘ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਦਾ ਲੰਬੀ ਬਿਮਾਰੀ ਤੋਂ ਬਾਅਦ ਅੱਜ ਸਵੇਰੇ ਇੱਥੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦੇਹਾਂਤ ਹੋ ਗਿਆ।

ਅੱਜ ਸ਼ਾਮੀਂ ਜਸਵਿੰਦਰ ਭੱਲਾ ਦੇ ਗ੍ਰਹਿ ਵਿਖੇ ਪੁੱਜੇ ਮੁੱਖ ਮੰਤਰੀ ਨੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਨੇ ਉੱਘੇ ਕਾਮੇਡੀਅਨ ਦੇ ਦੇਹਾਂਤ ਨੂੰ ਕਲਾ, ਸਾਹਿਤ, ਸੱਭਿਆਚਾਰ ਅਤੇ ਸਿਨੇਮਾ ਦੀ ਦੁਨੀਆ ਲਈ ਵੱਡਾ ਘਾਟਾ ਦੱਸਿਆ। ਭਾਵੁਕ ਹੁੰਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਉਨ੍ਹਾਂ ਲਈ ਵੱਡਾ ਨਿੱਜੀ ਘਾਟਾ ਹੈ ਅਤੇ ਜਸਵਿੰਦਰ ਭੱਲਾ ਦੇ ਦੇਹਾਂਤ ਨਾਲ ਪੈਦਾ ਹੋਏ ਖਲਾਅ ਨੂੰ ਨੇੜ ਭਵਿੱਖ ਵਿੱਚ ਭਰਨਾ ਆਸਾਨ ਨਹੀਂ ਹੋਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਜਸਵਿੰਦਰ ਭੱਲਾ ਨੇ ਖ਼ਰਾਬ ਸਿਹਤ ਦੇ ਬਾਵਜੂਦ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਜਸਵਿੰਦਰ ਭੱਲਾ ਨੇ ਕਾਮੇਡੀ ਵਿੱਚ ਨਵੇਂ ਵਿਚਾਰਾਂ ਨਾਲ ਤਜਰਬਾ ਕੀਤਾ ਅਤੇ ਆਪਣੀ ਸ਼ਾਨਦਾਰ ਮੌਜੂਦਗੀ ਨਾਲ ਪੰਜਾਬੀ ਸਿਨੇਮਾ ਦੇ ਮੌਜੂਦਾ ਰੂਪਾਂ ਨੂੰ ਅਮੀਰੀ ਬਖ਼ਸ਼ੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਸਵਿੰਦਰ ਭੱਲਾ ਨੇ ਆਪਣੇ ਆਖਰੀ ਸਾਹ ਤੱਕ ਦੁਨੀਆ ਭਰ ਵਿੱਚ ਪੰਜਾਬੀ ਕਾਮੇਡੀ, ਸਿਨੇਮਾ ਅਤੇ ਸੱਭਿਆਚਾਰ ਦਾ ਝੰਡਾ ਬੁਲੰਦ ਕੀਤਾ।

ਜਸਵਿੰਦਰ ਭੱਲਾ ਨੂੰ ਬਹੁ-ਪੱਖੀ ਸ਼ਖ਼ਸੀਅਤ ਅਤੇ ਧਰਤੀ ਮਾਂ ਦਾ ਸੱਚਾ ਸਪੂਤ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਆਪਣੇ ਦੁਰਲੱਭ ਵਿਅੰਗ ਅਤੇ ਹਾਜ਼ਰ ਜਵਾਬੀ ਰਾਹੀਂ ਜ਼ਮੀਨੀ ਪੱਧਰ ‘ਤੇ ਆਮ ਲੋਕਾਂ ਨੂੰ ਟੁੰਬਣ ਵਿੱਚ ਵੱਡਾ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਜਸਵਿੰਦਰ ਭੱਲਾ ਦੇਸ਼ ਭਰ ਦੇ ਉਭਰਦੇ ਕਲਾਕਾਰਾਂ ਖ਼ਾਸ ਕਰ ਕੇ ਹਾਸਰਸ ਕਲਾਕਾਰਾਂ ਲਈ ਪ੍ਰੇਰਨਾ ਸਰੋਤ ਹਨ, ਜਿਨ੍ਹਾਂ ਨੇ ਟੈਲੀਵਿਜ਼ਨ ਅਤੇ ਪੰਜਾਬੀ ਫਿਲਮ ਇੰਡਸਟਰੀ ‘ਤੇ ਅਮਿੱਟ ਛਾਪ ਛੱਡੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਪਣੀਆਂ ਅਣਥੱਕ ਕੋਸ਼ਿਸ਼ਾਂ ਰਾਹੀਂ ਜਸਵਿੰਦਰ ਭੱਲਾ ਨੇ ਆਪਣੀ ਸਿਹਤਮੰਦ ਕਾਮੇਡੀ ਰਾਹੀਂ ਤਣਾਅਗ੍ਰਸਤ ਮਨਾਂ ਦੀ ਉਦਾਸੀ ਦੂਰ ਕੀਤੀ, ਜਿਸ ਨਾਲ ਉਨ੍ਹਾਂ ਦਾ ਨਾਮ ਘਰ-ਘਰ ਵਿੱਚ ਮਕਬੂਲ ਹੋਇਆ।

ਮੁੱਖ ਮੰਤਰੀ ਨੇ ਕਿਹਾ ਕਿ ਜਸਵਿੰਦਰ ਭੱਲਾ ਦੀ ਮੌਤ ਨਾਲ ਪੰਜਾਬੀ ਕਾਮੇਡੀ ਦੇ ਇੱਕ ਯੁੱਗ ਦਾ ਅੰਤ ਹੋ ਗਿਆ ਹੈ ਪਰ ਉਹ ਪ੍ਰਸ਼ੰਸਕਾਂ ਦੇ ਚੇਤਿਆਂ ਵਿੱਚ ਹਮੇਸ਼ਾ ਜਿਉਂਦੇ ਰਹਿਣਗੇ। ਉਨ੍ਹਾਂ ਕਿਹਾ ਕਿ ਜਸਵਿੰਦਰ ਭੱਲਾ ਨੇ ਪੰਜਾਬੀ ਕਲਾ ਅਤੇ ਸੱਭਿਆਚਾਰ ਦੇ ਪ੍ਰਚਾਰ ਲਈ ਸ਼ਾਨਦਾਰ ਯੋਗਦਾਨ ਪਾਇਆ। ਪਰਿਵਾਰ ਨਾਲ ਦਿਲੋਂ ਹਮਦਰਦੀ ਸਾਂਝੀ ਕਰਦਿਆਂ ਭਗਵੰਤ ਸਿੰਘ ਮਾਨ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਅਤੇ ਪਰਿਵਾਰਕ ਮੈਂਬਰਾਂ, ਦੋਸਤਾਂ, ਰਿਸ਼ਤੇਦਾਰਾਂ ਤੇ ਲੱਖਾਂ ਪ੍ਰਸ਼ੰਸਕਾਂ ਨੂੰ ਇਸ ਨਾ ਪੂਰਾ ਹੋਣ ਵਾਲੇ ਘਾਟੇ ਨੂੰ ਸਹਿਣ ਦਾ ਬਲ ਬਖ਼ਸ਼ਣ।

HOMEPAGE:-http://PUNJABDIAL.IN

Leave a Reply

Your email address will not be published. Required fields are marked *