*ਰਾਜਾ ਵੜਿੰਗ ਦੀ ਸਰਦਾਰ ਬੂਟਾ ਸਿੰਘ ‘ਤੇ ਟਿਪਣੀ ਕਾਂਗਰਸ ਦੀ ਦਲਿਤ ਵਿਰੋਧੀ ਅਤੇ ਮਨੂਵਾਦੀ ਸੋਚ ਦਾ ਪ੍ਰਗਟਾਵਾ: ਗੁਰਪ੍ਰੀਤ ਜੀਪੀ*
*ਇਹ ਇਕੱਲੇ ਸਵ. ਬੂਟਾ ਸਿੰਘ ਦਾ ਆਪਮਾਨ ਨਹੀਂ, ਬੀ.ਆਰ. ਅੰਬੇਡਕਰ ਅਤੇ ਪੂਰੇ ਦਲਿਤ ਭਾਈਚਾਰੇ ਦਾ ਅਪਮਾਨ ਹੈ: ‘ਆਪ’ ਐਸਸੀ ਵਿੰਗ ਪ੍ਰਧਾਨ**
*ਤਰਨਤਾਰਨ, 4 ਨਵੰਬਰ*
ਆਮ ਆਦਮੀ ਪਾਰਟੀ (ਆਪ) ਦੇ ਐਸਸੀ ਵਿੰਗ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਜੀਪੀ ਨੇ ਕਾਂਗਰਸ ਪਾਰਟੀ ਦੇ ਸੂਬਾਈ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਦੇਸ਼ ਦੇ ਸਾਬਕਾ ਗ੍ਰਹਿ ਮੰਤਰੀ ਮਰਹੂਮ ਸਰਦਾਰ ਬੂਟਾ ਸਿੰਘ ‘ਤੇ ਕੀਤੀ ਗਈ ਟਿੱਪਣੀ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਬਿਆਨ ਰਾਹੀਂ ਰਾਜਾ ਵੜਿੰਗ ਨੇ ਆਪਣੀ ਮਨੂਵਾਦੀ ਅਤੇ ਦਲਿਤ ਵਿਰੋਧੀ ਸੋਚ ਦਾ ਜਨਤਕ ਤੌਰ ‘ਤੇ ਪ੍ਰਗਟਾਵਾ ਕੀਤਾ ਹੈ।
ਇੱਥੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਗੁਰਪ੍ਰੀਤ ਜੀਪੀ ਨੇ ਕਿਹਾ ਕਿ ਰਾਜਾ ਵੜਿੰਗ ਇੱਕ ਵੀਡੀਓ ਵਿੱਚ ਜਿਸ ਮਹਾਨ ਦਲਿਤ ਆਗੂ ਨੂੰ ‘ਪੱਠੇ ਪਾਉਣ ਵਾਲਾ’ ਦੱਸ ਕੇ ਮਜ਼ਾਕ ਉਡਾ ਰਹੇ ਹਨ, ਉਹ ਕੋਈ ਆਮ ਸ਼ਖ਼ਸ ਨਹੀਂ ਸਨ। ਉਨ੍ਹਾਂ ਕਿਹਾ ਕਿ ਸਵ. ਬੂਟਾ ਸਿੰਘ ਜੀ ਬੀ.ਏ. ਆਨਰਜ਼, ਐਮ.ਏ. ਅਤੇ ਪੀਐਚ.ਡੀ. ਤੱਕ ਉੱਚ ਸਿੱਖਿਆ ਪ੍ਰਾਪਤ ਸਨ ਅਤੇ ਸਿਰਫ਼ 25 ਸਾਲ ਦੀ ਉਮਰ ਵਿੱਚ 1962 ‘ਚ ਮੈਂਬਰ ਪਾਰਲੀਮੈਂਟ ਬਣ ਗਏ ਸਨ।
ਗੁਰਪ੍ਰੀਤ ਜੀਪੀ ਨੇ ਕਿਹਾ ਕਿ ਰਾਜਾ ਵੜਿੰਗ ਵੱਲੋਂ ਕੀਤੀ ਗਈ ਰੰਗ ਆਧਾਰਤ ਟਿੱਪਣੀ ਨਾ ਸਿਰਫ਼ ਦੇਸ਼ ਦੇ ਸੰਵਿਧਾਨ ਦੀ ਉਲੰਘਣਾ ਹੈ, ਬਲਕਿ ਇਹ ਪੂਰੇ ਅਨੁਸੂਚਿਤ ਜਾਤੀ ਭਾਈਚਾਰੇ ਪ੍ਰਤੀ ਕਾਂਗਰਸ ਦੀ ਘਟੀਆ ਸੋਚ ਨੂੰ ਵੀ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਸ਼ੁਰੂ ਤੋਂ ਹੀ ਦਲਿਤ ਵਿਰੋਧੀ ਰਹੀ ਹੈ ਅਤੇ ਇਸੇ ਪਾਰਟੀ ਨੇ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਜੀ ਦਾ ਵੀ ਹਮੇਸ਼ਾ ਵਿਰੋਧ ਕੀਤਾ ਸੀ।
ਉਨ੍ਹਾਂ ਯਾਦ ਦਿਵਾਇਆ ਕਿ ਇਸ ਤੋਂ ਪਹਿਲਾਂ ਕਾਂਗਰਸ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੀ ਵਿਧਾਨ ਸਭਾ ਵਿੱਚ ਇੱਕ ਦਲਿਤ ਵਿਧਾਇਕ ਨੂੰ “ਇਹ ਕਿਸ ਤਰ੍ਹਾਂ ਦਾ ਮੈਟੀਰੀਅਲ ਵਿਧਾਨ ਸਭਾ ਵਿੱਚ ਆ ਗਿਆ ਹੈ” ਕਹਿ ਕੇ ਅਪਮਾਨਿਤ ਕੀਤਾ ਸੀ।
‘ਆਪ’ ਆਗੂ ਨੇ ਕਿਹਾ ਕਿ ਅਨੁਸੂਚਿਤ ਜਾਤੀ ਸਮਾਜ ਬਾਬਾ ਸਾਹਿਬ ਦਾ ਸਦਾ ਰਿਣੀ ਰਹੇਗਾ ਜਿਨ੍ਹਾਂ ਨੇ ਸਾਨੂੰ ਸੰਵਿਧਾਨ ਰਾਹੀਂ ਬਰਾਬਰੀ ਦੇ ਅਧਿਕਾਰ ਦਿੱਤੇ, ਨਹੀਂ ਤਾਂ ਰਾਜਾ ਵੜਿੰਗ ਵਰਗੇ ਜਗੀਰੂ ਮਾਨਸਿਕਤਾ ਵਾਲੇ ਆਗੂ ਕਦੇ ਵੀ ਦਲਿਤਾਂ ਨੂੰ ਉੱਪਰ ਉੱਠਣ ਦਾ ਮੌਕਾ ਨਾ ਦਿੰਦੇ। ਉਨ੍ਹਾਂ ਕਿਹਾ ਕਿ ਤਰਨਤਾਰਨ ਦੇ ਲੋਕ ਇਸ ਜ਼ਿਮਨੀ ਚੋਣ ਵਿੱਚ ‘ਆਪ’ ਉਮੀਦਵਾਰ ਹਰਮੀਤ ਸਿੰਘ ਸੰਧੂ ਨੂੰ ਵੋਟ ਪਾ ਕੇ ਕਾਂਗਰਸ ਦੀ ਇਸ ਸੋਚ ਨੂੰ ਕਰਾਰਾ ਜਵਾਬ ਦੇਣਗੇ।
HOMEPAGE:-http://PUNJABDIAL.IN

Leave a Reply