ਸਥਾਨਕ ਚੋਣਾਂ ਵਿਚ ਜਿੱਤ ਮਾਨ ਸਰਕਾਰ ਦੇ ਵਿਕਾਸ ਕਾਰਜਾਂ ‘ਤੇ ਜਨਤਾ ਦੀ ਪੱਕੀ ਮੋਹਰ, ਵਿਰੋਧੀਆਂ ਨੂੰ ਫਿਰ ਮਿਲੀ ਕਰਾਰੀ ਹਾਰ: ਬਲਤੇਜ ਪੰਨੂ
ਜਲਾਲਾਬਾਦ ਵਿੱਚ ਦੋ–ਦੋ ਰੋਡ ਸ਼ੋਅ ਕਰਨ ਤੋਂ ਬਾਅਦ ਵੀ ਸੁਖਬੀਰ ਬਾਦਲ ਨੂੰ ਮਿਲੀ ਸਿਰਫ਼ ਇੱਕ ਸੀਟ, ਜਨਤਾ ਨੇ ਨਕਾਰਿਆ: ਬਲਤੇਜ ਪੰਨੂ
ਵਿਰੋਧੀਆਂ ਦੀਆਂ ਘਟੀਆ ਚਾਲਾਂ ਦਾ ਜਨਤਾ ਨੇ ਦਿੱਤਾ ਕਰਾਰਾ ਜਵਾਬ, ਕਾਂਗਰਸ-ਅਕਾਲੀ ਅਤੇ ਡਬਲ ਇੰਜਣ ਵਾਲੀ ਭਾਜਪਾ ਨੂੰ ਦਿਖਾਇਆ ਸ਼ੀਸ਼ਾ: ਬਲਤੇਜ ਪੰਨੂ
ਚੰਡੀਗੜ੍ਹ 6 ਜੁਲਾਈ
ਆਮ ਆਦਮੀ ਪਾਰਟੀ (ਆਪ)ਪੰਜਾਬ ਦੇ ਸੂਬਾ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਹਾਲ ਵਿੱਚ ਹੋਇਆਂ ਸਥਾਨਕ ਚੋਣਾਂ ਵਿੱਚ ‘ਆਪ‘ ਦੇ ਪੱਖ ਵਿੱਚ ਆਏ ਨਤੀਜਿਆਂ ‘ਤੇ ਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਜਿੱਤ ਸਾਬਤ ਕਰਦੀ ਹੈ ਕਿ ਪੰਜਾਬ ਦੀ ਜਨਤਾ ਮਾਨ ਸਰਕਾਰ ਦੇ ਕੰਮਾਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹੈ।
ਸੋਮਵਾਰ ਨੂੰ ਇੱਕ ਬਿਆਨ ਜਾਰੀ ਕਰਦਿਆਂ ਬਲਤੇਜ ਪੰਨੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਜਨ-ਕਲਿਆਣਕਾਰੀ ਨੀਤੀਆਂ ਅਤੇ ਵਿਕਾਸ ਕਾਰਜਾਂ ਨੂੰ ਦੇਖਦੇ ਹੋਏ ਕੱਲ੍ਹ ਹੋਈਆਂ ਸਥਾਨਕ ਚੋਣਾਂ ਵਿੱਚ ਹੁਸ਼ਿਆਰਪੁਰ, ਜਲਾਲਾਬਾਦ ਅਤੇ ਮਮਦੋਟ ਦੇ ਲੋਕਾਂ ਨੇ ‘ਆਪ‘ ਸਰਕਾਰ ਦੇ ਪੱਖ ਵਿੱਚ ਆਪਣੀ ਪੱਕੀ ਮੋਹਰ ਲਾ ਦਿੱਤੀ ਹੈ।
ਬਲਤੇਜ ਪੰਨੂ ਨੇ ਅਕਾਲੀ ਦਲ ‘ਤੇ ਤਨਜ਼ ਕੱਸਦਿਆਂ ਕਿਹਾ ਕਿ ਜਲਾਲਾਬਾਦ, ਜੋ ਕਦੇ ਸੁਖਬੀਰ ਸਿੰਘ ਬਾਦਲ ਦਾ ਲੋਕ ਸਭਾ ਅਤੇ ਵਿਧਾਨ ਸਭਾ ਹਲਕਾ ਰਿਹਾ ਹੈ, ਉੱਥੇ ਦੋ-ਦੋ ਵੱਡੇ ਰੋਡ ਸ਼ੋਅ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਮੂੰਹ ਦੀ ਖਾਣੀ ਪਈ ਅਤੇ ਉਹ ਸਿਰਫ਼ ਇੱਕ ਹੀ ਸੀਟ ‘ਤੇ ਸਿਮਟ ਕੇ ਰਹਿ ਗਏ। ਜਨਤਾ ਨੇ ਸਾਫ਼ ਕਰ ਦਿੱਤਾ ਹੈ ਕਿ ਹੁਣ ਪੰਜਾਬ ਵਿੱਚ ਭਾਈ-ਭਤੀਜਾਵਾਦ ਅਤੇ ਖੋਖਲੇ ਦਾਅਵਿਆਂ ਦੀ ਕੋਈ ਥਾਂ ਨਹੀਂ ਹੈ।
ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਜਾਗਰੂਕ ਵੋਟਰਾਂ ਨੇ ਇੱਕ ਵਾਰ ਫਿਰ ਵਿਰੋਧੀ ਪਾਰਟੀਆਂ ਕਾਂਗਰਸ, ਅਕਾਲੀ ਦਲ ਅਤੇ ‘ਡਬਲ ਇੰਜਣ‘ ਦਾ ਢੰਡੋਰਾ ਪਿੱਟਣ ਵਾਲੀ ਭਾਜਪਾ ਨੂੰ ਸ਼ੀਸ਼ਾ ਦਿਖਾਉਂਦੇ ਹੋਏ ਸੂਬੇ ਦੀ ਸਿਆਸੀ ਤਸਵੀਰ ਪੂਰੀ ਤਰ੍ਹਾਂ ਸਾਫ਼ ਕਰ ਦਿੱਤੀ ਹੈ। ਜੋ ਪਾਰਟੀਆਂ ਮੁੱਖ ਮੰਤਰੀ ਭਗਵੰਤ ਮਾਨ ਦੇ ਸਾਫ਼-ਸੁਥਰੇ ਅਕਸ ਨੂੰ ਬਦਨਾਮ ਕਰਨ ਲਈ ਘਟੀਆ ਹਰਕਤਾਂ ਅਤੇ ਸਾਜ਼ਿਸ਼ਾਂ ਰਚ ਰਹੀਆਂ ਸਨ, ਜਨਤਾ ਨੇ ਉਨ੍ਹਾਂ ਦੇ ਝੂਠੇ ਪ੍ਰਚਾਰ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ।
ਪੰਨੂ ਨੇ ਪੰਜਾਬ ਦੀ ਜਨਤਾ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਸਾਰੇ ਵੋਟਰਾਂ ਦੇ ਰਿਣੀ ਹਨ, ਜੋ ਮਾਨ ਸਰਕਾਰ ਦੇ ਇਤਿਹਾਸਕ ਫੈਸਲਿਆਂ ਅਤੇ ਵਿਕਾਸ ਕਾਰਜਾਂ ਤੋਂ ਖ਼ੁਸ਼ ਹੋ ਕੇ ਮਜ਼ਬੂਤੀ ਨਾਲ ਆਮ ਆਦਮੀ ਪਾਰਟੀ ਦੇ ਨਾਲ ਖੜ੍ਹੇ ਹਨ। ਸਰਕਾਰ ਅੱਗੇ ਵੀ ਇਸੇ ਤਰ੍ਹਾਂ ਬਿਨਾਂ ਕਿਸੇ ਵਿਤਕਰੇ ਦੇ ਪੰਜਾਬ ਦੀ ਤਰੱਕੀ ਅਤੇ ਖ਼ੁਸ਼ਹਾਲੀ ਲਈ ਕੰਮ ਕਰਦੀ ਰਹੇਗੀ।
HOMEPAGE:-http://PUNJABDIAL.IN

Leave a Reply