ਮਾਨਯੋਗ ਅਡੀਸ਼ਨਲ ਸੈਸ਼ਨ ਜੱਜ ਫਾਜ਼ਿਲਕਾ ਸ੍ਰੀ ਅਜੀਤ ਪਾਲ ਸਿੰਘ ਦੀ ਅਦਾਲਤ ਨੇ ਸਾਲ 2020 ਵਿੱਚ ਵਾਪਰੇ ਇੱਕ ਕਤਲ ਦੇ ਮਾਮਲੇ ਵਿੱਚ ਤਿੰਨ ਲੋਕਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਜਦਕਿ ਉਹਨਾਂ ਦੇ ਚੌਥੇ ਸਾਥੀ ਨੂੰ ਪੰਜ ਸਾਲਾਂ ਦੀ ਸਜ਼ਾ ਸੁਣਾਈ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਕੇਸ ਵਿੱਚ ਸੀਟੀ ਥਾਣਾ ਅਬੋਹਰ ਇੱਕ ਵਿਖੇ ਐਫਆਈਆਰ ਨੰਬਰ 148 ਮਿਤੀ 25 ਜੂਨ 2020 ਅਧੀਨ ਧਾਰਾ 302, 201, 120 ਬੀ, 34 ਆਈਪੀਸੀ ਅਤੇ ਆਰਮਸ ਐਕਟ ਦੀ ਧਾਰਾ 25 ਦੇ ਤਹਿਤ ਮੁਕਦਮਾ ਦਰਜ ਕੀਤਾ ਗਿਆ ਸੀ। ਇਹ ਮੁਕਦਮਾ ਸੁਖਚਰਨ ਸਿੰਘ ਦੇ ਬਿਆਨਾਂ ਤੇ ਦਰਜ ਕੀਤਾ ਗਿਆ ਸੀ।
ਮੁਕਦਮੇ ਅਨੁਸਾਰ ਸ਼ਿਕਾਇਤ ਕਰਤਾ ਦੇ ਪੁੱਤਰ ਗੁਰਵਿੰਦਰ ਸਿੰਘ ਜੋ ਕਿ ਪਲਿਸ ਵਿਭਾਗ ਵਿਚ ਨੌਕਰੀ ਕਰਦਾ ਸੀ ਨੂੰ ਕਾਰ ਸਵਾਰ ਦੋਸ਼ੀਆਂ ਨੇ ਉਹਨਾਂ ਦੀ ਗਲੀ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਮੁਕਦਮੇ ਦੀ ਸੁਣਵਾਈ ਕਰਦਿਆਂ ਸਾਰੇ ਤੱਥਾਂ ਅਤੇ ਗਵਾਹਾਂ ਦੇ ਆਧਾਰ ਤੇ ਮਾਨਯੋਗ ਵਧੀਕ ਸੈਸ਼ਨ ਜੱਜ ਸ੍ਰੀ ਅਜੀਤ ਪਾਲ ਸਿੰਘ ਦੀ ਅਦਾਲਤ ਨੇ ਤਿੰਨ ਦੋਸ਼ੀਆਂ ਨਮਨਦੀਪ ਗੋਦਾਰਾ, ਵਿਕਰਮਜੀਤ ਅਤੇ ਵਿਜੇ ਲਕਸ਼ਮੀ ਨੂੰ ਧਾਰਾ 302, 120 ਬੀ ਅਤੇ 34 ਆਈਪੀਸੀ ਦੇ ਤਹਿਤ ਉਮਰ ਕੈਦ ਦੀ ਸਜ਼ਾ ਅਤੇ 10-10 ਹਜਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜੁਰਮਾਨਾ ਅਦਾ ਨਾ ਕਰਨ ਤੇ ਦੋ ਸਾਲ ਵਾਧੂ ਸਜ਼ਾ ਭੁਗਤਨੀ ਪਵੇਗੀ। ਇਸੇ ਤਰ੍ਹਾਂ ਇਹਨਾਂ ਤਿੰਨਾਂ ਨੂੰ ਧਾਰਾ 201 ਦੇ ਤਹਿਤ ਤਿੰਨ ਸਾਲਾਂ ਦੀ ਸਖਤ ਕੈਦ ਦੀ ਸਜ਼ਾ ਸੁਣਾਈ ਗਈ ਹੈ ਅਤੇ 10-10 ਹਜਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ।
ਜੁਰਮਾਨਾ ਅਦਾ ਨਾ ਕਰਨ ਤੇ ਇੱਕ ਸਾਲ ਵਾਧੂ ਸਜ਼ਾ ਭੁਗਤਣੀ ਪਵੇਗੀ। ਇਸੇ ਤਰਾਂ 25 ਆਰਮਸ ਐਕਟ ਦੇ ਤਹਿਤ ਵੀ ਇਹਨਾਂ ਨੂੰ ਪੰਜ ਪੰਜ ਸਾਲ ਦੀ ਸਜ਼ਾ ਸੁਣਾਈ ਗਈ ਹੈ ਅਤੇ ਨਾਲ ਦੀ ਨਾਲ 10-10 ਹਜਾਰ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਜੁਰਮਾਨਾ ਅਦਾ ਨਾ ਕਰਨ ਤੇ ਇਹਨਾਂ ਨੂੰ ਇੱਕ ਇੱਕ ਸਾਲ ਹੋਰ ਸਜ਼ਾ ਭੁਗਤਣੀ ਪਵੇਗੀ।
ਇਹਨਾਂ ਦੇ ਚੌਥੇ ਸਾਥੀ ਨਰੇਸ਼ ਕੁਮਾਰ ਨੂੰ 25 ਆਰਮਸ ਐਕਟ ਦੇ ਤਹਿਤ ਪੰਜ ਸਾਲਾਂ ਦੀ ਸਖਤ ਕੈਦ ਦੀ ਸਜ਼ਾ ਸੁਣਾਈ ਗਈ ਹੈ ਅਤੇ 10 ਹਜਾਰ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਜੁਰਮਾਨਾ ਅਦਾ ਨਾ ਕਰਨ ਤੇ ਇੱਕ ਸਾਲ ਦੀ ਵਾਧੂ ਕੈਦ ਭੁਗਤਨੀ ਪਵੇਗੀ।
HOMEPAGE:-http://PUNJABDIAL.IN
Leave a Reply