ਪੰਜਾਬੀ ਯੂਨੀਵਰਸਿਟੀ ਦੀ ਖੋਜ ਵਿੱਚ ਹੋਇਆ ਖੁਲਾਸਾ, ਲਗਾਤਾਰ ਵੀਡੀਓ ਦੇਖਣ ਦੀ ਆਦਤ ਨੌਜਵਾਨਾਂ ਦੀ ਨੀਂਦ ਅਤੇ ਮਾਨਸਿਕ ਸਿਹਤ ਨੂੰ ਕਰ ਰਹੀ ਹੈ ਪ੍ਰਭਾਵਿਤ

ਪੰਜਾਬੀ ਯੂਨੀਵਰਸਿਟੀ ਦੀ ਖੋਜ ਵਿੱਚ ਹੋਇਆ ਖੁਲਾਸਾ, ਲਗਾਤਾਰ ਵੀਡੀਓ ਦੇਖਣ ਦੀ ਆਦਤ ਨੌਜਵਾਨਾਂ ਦੀ ਨੀਂਦ ਅਤੇ ਮਾਨਸਿਕ ਸਿਹਤ ਨੂੰ ਕਰ ਰਹੀ ਹੈ ਪ੍ਰਭਾਵਿਤ

ਖੋਜ ਮੁਤਾਬਕ ਲਗਾਤਾਰ ਵੀਡੀਓ ਦੇਖਣ ਦੀ ਆਦਤ ਯਾਨੀ Binge Watching ਕੁਝ ਸਮੇਂ ਲਈ ਖੁਸ਼ੀ ਅਤੇ ਮਨੋਰੰਜਨ ਦੇ ਸਕਦੀ ਹੈ, ਪਰ ਜਦੋਂ ਇਹ ਆਦਤ ਬਹੁਤ ਜ਼ਿਆਦਾ ਅਤੇ ਬੇਕਾਬੂ ਹੋ ਜਾਂਦੀ ਹੈ, ਤਾਂ ਇਹ ਨੀਂਦ ਦੇ ਪੈਟਰਨ ਨੂੰ ਵਿਗਾੜ ਸਕਦੀ ਹੈ।

ਇਸ ਦਾ ਸਬੰਧ ਮਾਨਸਿਕ ਤੰਦਰੁਸਤੀ ਵਿੱਚ ਕਮੀ ਨਾਲ ਵੀ ਸਾਹਮਣੇ ਆਇਆ ਹੈ।

ਡਿਜੀਟਲ ਦੌਰ ਵਿੱਚ ਲਗਾਤਾਰ ਵੀਡੀਓ ਦੇਖਣ ਦੀ ਆਦਤ ਨੌਜਵਾਨਾਂ ਦੀ ਨੀਂਦ ਅਤੇ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰ ਰਹੀ ਹੈ। ਮਨੋਰੰਜਨ ਲਈ ਸ਼ੁਰੂ ਹੋਣ ਵਾਲੀ ਇਹ ਆਦਤ ਕਈ ਵਾਰ ਬੇਕਾਬੂ ਹੋ ਜਾਂਦੀ ਹੈ, ਜਿਸ ਕਾਰਨ ਸੌਣ ਦੀ ਰੋਜ਼ਾਨਾ ਰੁਟੀਨ ਵਿਗੜ ਜਾਂਦੀ ਹੈ।

ਬਿਸਤਰੇ ‘ਤੇ ਵੀਡੀਓ ਦੇਖਣਾ ਅਤੇ ਸੌਣ ਵਿੱਚ ਦੇਰੀ ਮੁੱਖ ਕਾਰਨ

ਖੋਜ ਵਿੱਚ ਸਾਹਮਣੇ ਆਇਆ ਕਿ ਬਿਸਤਰੇ ‘ਤੇ ਲੇਟ ਕੇ ਲਗਾਤਾਰ ਆਨਲਾਈਨ ਵੀਡੀਓ ਦੇਖਦੇ ਰਹਿਣਾ ਅਤੇ ਸਮੇਂ ਸਿਰ ਸੌਣ ਲਈ ਖ਼ੁਦ ‘ਤੇ ਕਾਬੂ ਨਾ ਰੱਖ ਸਕਣਾ ਨੌਜਵਾਨਾਂ ਦੀ ਮਾਨਸਿਕ ਤੰਦਰੁਸਤੀ ਵਿੱਚ ਕਮੀ ਨਾਲ ਜੁੜੇ ਮੁੱਖ ਕਾਰਕ ਹਨ। ਇਹ ਸਮੱਸਿਆ ਉਦੋਂ ਹੋਰ ਗੰਭੀਰ ਹੋ ਸਕਦੀ ਹੈ, ਜਦੋਂ ਨੌਜਵਾਨਾਂ ਨੂੰ ਆਪਣੀਆਂ ਡਿਜੀਟਲ ਆਦਤਾਂ ਅਤੇ ਉਨ੍ਹਾਂ ਦੇ ਵਿਵਹਾਰ ‘ਤੇ ਪੈਣ ਵਾਲੇ ਪ੍ਰਭਾਵਾਂ ਦਾ ਅਹਿਸਾਸ ਨਹੀਂ ਹੁੰਦਾ। ਮਨੋਵਿਗਿਆਨ ਵਿੱਚ ਆਪਣੇ ਵਿਚਾਰਾਂ ਅਤੇ ਵਿਵਹਾਰ ਪ੍ਰਤੀ ਸੁਚੇਤ ਰਹਿਣ ਦੀ ਇਸ ਸਮਰੱਥਾ ਨੂੰ Mindfulness ਕਿਹਾ ਜਾਂਦਾ ਹੈ। ਅਧਿਐਨ ਵਿੱਚ ਇਕੱਲੇਪਣ ਦੀ ਭਾਵਨਾ ਨੂੰ ਵੀ ਇੱਕ ਮਹੱਤਵਪੂਰਨ ਕਾਰਕ ਦੱਸਿਆ ਗਿਆ ਹੈ। ਜਦੋਂ ਨੌਜਵਾਨ ਅਸਲ ਜ਼ਿੰਦਗੀ ਵਿੱਚ ਲੋਕਾਂ ਨਾਲ ਮੇਲ-ਮਿਲਾਪ ਕਰਨ ਦੀ ਬਜਾਏ ਵਰਚੁਅਲ ਦੁਨੀਆ ਵਿੱਚ ਰਿਸ਼ਤੇ ਅਤੇ ਜੁੜਾਅ ਲੱਭਣ ਲੱਗਦੇ ਹਨ, ਤਾਂ ਇਸ ਦਾ ਅਸਰ ਉਨ੍ਹਾਂ ਦੀ ਮਾਨਸਿਕ ਤੰਦਰੁਸਤੀ ‘ਤੇ ਪੈ ਸਕਦਾ ਹੈ।

ਸਿਹਤਮੰਦ ਡਿਜੀਟਲ ਆਦਤਾਂ ਅਪਣਾਉਣ ‘ਤੇ ਜ਼ੋਰ

ਖੋਜ ਦੀ ਨਿਗਰਾਨੀ ਕਰਨ ਵਾਲੀ ਪ੍ਰੋ. ਹਰਪ੍ਰੀਤ ਕੌਰ ਮੁਤਾਬਕ ਨੌਜਵਾਨਾਂ ਨੂੰ ਡਿਜੀਟਲ ਮਾਧਿਅਮਾਂ ਦੀ ਵਰਤੋਂ ਵਿੱਚ ਸੰਤੁਲਨ ਬਣਾਈ ਰੱਖਣ, ਸੌਣ ਦਾ ਨਿਯਮਤ ਸਮਾਂ ਤੈਅ ਕਰਨ ਅਤੇ ਸਮਾਜਿਕ ਮੇਲ-ਮਿਲਾਪ ਵਧਾਉਣ ਲਈ ਉਤਸ਼ਾਹਿਤ ਕਰਨਾ ਜ਼ਰੂਰੀ ਹੈ। ਇਸ ਨਾਲ ਡਿਜੀਟਲ ਯੁੱਗ ਵਿੱਚ ਉਨ੍ਹਾਂ ਦੀ ਮਾਨਸਿਕ ਅਤੇ ਸਰੀਰਕ ਸਿਹਤ ਨੂੰ ਬਿਹਤਰ ਬਣਾਉਣ ਵਿੱਚ ਮਦਦ ਮਿਲ ਸਕਦੀ ਹੈ। ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਖੋਜਾਰਥੀ ਡਾ. ਅੰਮ੍ਰਿਤ ਕੌਰ ਹੰਸ ਅਤੇ ਉਨ੍ਹਾਂ ਦੀ ਮਾਰਗਦਰਸ਼ਕ ਪ੍ਰੋ. ਹਰਪ੍ਰੀਤ ਕੌਰ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਡਿਜੀਟਲ ਯੁੱਗ ਵਿੱਚ ਮੀਡੀਆ ਦੀ ਬੇਲੋੜੀ ਵਰਤੋਂ ਅਤੇ ਇਸ ਨਾਲ ਜੁੜੇ ਮਨੋ-ਸਮਾਜਿਕ ਕਾਰਕ ਨੌਜਵਾਨਾਂ ਦੀ ਸਿਹਤ ‘ਤੇ ਡੂੰਘਾ ਅਸਰ ਪਾ ਰਹੇ ਹਨ।

HOMEPAGE:-http://PUNJABDIAL.IN

Leave a Reply

Your email address will not be published. Required fields are marked *